ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਨੇ ਨਵੀਂ ਸਿਆਸੀ ਪਾਰਟੀ ਦੀ ਕੀਤੀ ਸਥਾਪਨਾ
Sunday, Jul 07, 2024 - 12:47 AM (IST)
ਇਸਲਾਮਾਬਾਦ, (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਪ੍ਰਣਾਲੀ ਵਿਚ ਬਦਲਾਅ ਲਿਆਉਣ ਅਤੇ ਦੇਸ਼ ਦੇ ਸੰਵਿਧਾਨ ਪ੍ਰਤੀ ਸਨਮਾਨ ਬਹਾਲ ਕਰਨ ਦੇ ਮਿਸ਼ਨ ਨਾਲ ਅਧਿਕਾਰਤ ਤੌਰ ’ਤੇ ਇਕ ਨਵੀਂ ਸਿਆਸੀ ਪਾਰਟੀ ਦੀ ਸਥਾਪਨਾ ਕੀਤੀ ਹੈ।
ਅਵਾਮ ਪਾਕਿਸਤਾਨ ਪਾਰਟੀ ਨਾਂ ਦੀ ਇਸ ਪਾਰਟੀ ਦਾ ਮੁੱਖ ਨਾਅਰਾ ‘ਬਦਲੇਂਗੇ ਨਿਜ਼ਾਮ’ ਹੈ ਅਤੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਾਲਾ ਕੋਈ ਵੀ ਵਿਅਕਤੀ ਇਸ ਦੀ ਮੈਂਬਰਸ਼ਿਪ ਲੈ ਸਕਦਾ ਹੈ। ਅੱਬਾਸੀ (65) ਅਗਸਤ 2017 ਤੋਂ ਮਈ 2018 ਤੱਕ ਪ੍ਰਧਾਨ ਮੰਤਰੀ ਸਨ, ਜਦੋਂ ਸੁਪਰੀਮ ਕੋਰਟ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਦੇ ਮੁਖੀ ਨਵਾਜ਼ ਸ਼ਰੀਫ਼ ਨੂੰ ਅਯੋਗ ਕਰਾਰ ਦਿੱਤਾ ਸੀ।