ਬੱਚਿਆਂ ਦੇ ਮਿਡ-ਡੇ ਮੀਲ ’ਚ ਨਿਕਲ ਰਹੇ ਸੱਪ, ਕੋਹੜਕਿਰਲੀਆਂ ਤੇ ਕੀੜੇ

Sunday, Jul 07, 2024 - 02:49 AM (IST)

ਮਿਡ-ਡੇ ਮੀਲ ਭਾਵ ਦੁਪਹਿਰ ਦਾ ਭੋਜਨ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਮੁਫਤ ਖੁਰਾਕ ਵੰਡਣ ਦੀ ਯੋਜਨਾ ਹੈ ਜਿਸ ਦੀ ਸ਼ੁਰੂਆਤ 1995 ’ਚ ਗਰੀਬ ਬੱਚਿਆਂ ਨੂੰ ਸਕੂਲਾਂ ਵੱਲ ਆਕਰਸ਼ਿਤ ਕਰਨ ਲਈ ਕੀਤੀ ਗਈ ਸੀ। ਉਦੋਂ ਵਧੇਰੇ ਸੂਬਿਆਂ ਨੇ ਇਸ ਦੇ ਅਧੀਨ ਲਾਭਪਾਤਰੀਆਂ ਨੂੰ ਕੱਚਾ ਅਨਾਜ ਦੇਣਾ ਸ਼ੁਰੂ ਕੀਤਾ ਸੀ ਪਰ 28 ਨਵੰਬਰ, 2002 ਨੂੰ ਸੁਪਰੀਮ ਕੋਰਟ ਦੇ ਇਕ ਹੁਕਮ ’ਤੇ ਬੱਚਿਆਂ ਨੂੰ ਪਕਾ ਕੇ ਭੋਜਨ ਦੇਣਾ ਸ਼ੁਰੂ ਕੀਤਾ ਗਿਆ।

ਇਕ ਚੰਗੀ ਯੋਜਨਾ ਹੋਣ ਦੇ ਬਾਵਜੂਦ ਸਬੰਧਤ ਵਿਭਾਗਾਂ ਵੱਲੋਂ ਇਸ ਨੂੰ ਲਾਗੂ ਕਰਨ ਅਤੇ ਭੋਜਨ ਪਕਾਉਣ ’ਚ ਲਾਪ੍ਰਵਾਹੀ ਅਤੇ ਸਿਹਤ ਅਤੇ ਸੁਰੱਖਿਆ ਸਬੰਧੀ ਨਿਯਮਾਂ ਦੀ ਅਣਦੇਖੀ ਦੇ ਕਾਰਨ ਇਹ ਯੋਜਨਾ ਵਰਦਾਨ ਦੀ ਬਜਾਏ ਸਰਾਪ ਸਿੱਧ ਹੋ ਰਹੀ ਹੈ।

ਮਿਡ-ਡੇ ਮੀਲ ’ਚ ਸਬਜ਼ੀਆਂ ਦੇ ਨਾਲ ਹੀ ਸੱਪ, ਕੀੜਿਆਂ, ਕੀੜੀਆਂ, ਕੋਹੜਕਿਰਲੀਆਂ ਆਦਿ ਦਾ ਪਾਇਆ ਜਾਣਾ ਆਮ ਹੋ ਗਿਆ ਹੈ, ਜੋ ਇਸੇ ਸਾਲ ਦੇ ਦੌਰਾਨ ਸਾਹਮਣੇ ਆਈਆਂ ਹੇਠਲੀਆਂ ਕੁਝ ਘਟਨਾਵਾਂ ਤੋਂ ਸਪੱਸ਼ਟ ਹੈ :

* 22 ਫਰਵਰੀ, 2024 ਨੂੰ ਮਿਰਜ਼ਾਪੁਰ (ਉੱਤਰ ਪ੍ਰਦੇਸ਼) ਦੇ ‘ਹਲਿਆ’ ਬਲਾਕ ਦੇ ‘ਉਮਰਿਆ’ ਸਥਿਤ ਪ੍ਰਾਇਮਰੀ ਸਕੂਲ ’ਚ ਮਿਡ-ਡੇ ਮੀਲ ਦੇ ਅਧੀਨ ਪਰੋਸਿਆ ਗਿਆ ਭੋਜਨ ਖਾਣ ਨਾਲ 13 ਬੱਚਿਆਂ ਦੀ ਹਾਲਤ ਖਰਾਬ ਹੋਣ ’ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਭੋਜਨ ਦੀ ਜਾਂਚ ਕਰਨ ’ਤੇ ਆਲੂ-ਗੋਭੀ-ਮਟਰ ਦੀ ਸਬਜ਼ੀ ’ਚ ਮਰੀ ਹੋਈ ਕੋਹੜਕਿਰਲੀ ਪਾਈ ਗਈ ਸੀ।

* 22 ਫਰਵਰੀ ਨੂੰ ਹੀ ਕੁਸ਼ੀਨਗਰ (ਉੱਤਰ ਪ੍ਰਦੇਸ਼) ਸਥਿਤ ਇਕ ਪ੍ਰਾਇਮਰੀ ਸਕੂਲ ’ਚ ਮਿਡ-ਡੇ ਮੀਲ ਖਾਣ ਦੇ ਬਾਅਦ 17 ਬੱਚਿਆਂ ਦੀ ਸਿਹਤ ਅਚਾਨਕ ਵਿਗੜਨ ਲੱਗੀ ਅਤੇ ਉਹ ਢਿੱਡ ਪੀੜ ਨਾਲ ਰੋਣ-ਕੁਰਲਾਉਣ ਲੱਗੇ।

* 13 ਮਾਰਚ ਨੂੰ ਅਰਰਿਆ (ਬਿਹਾਰ) ਜ਼ਿਲੇ ਦੇ ਇਕ ਸਕੂਲ ’ਚ ਮਿਡ-ਡੇ ਮੀਲ ’ਚ ਪਰੋਸਿਆ ਗਿਆ ਜ਼ਹਿਰੀਲਾ ਭੋਜਨ ਖਾਣ ਨਾਲ 100 ਬੱਚੇ ਬੀਮਾਰ ਪੈ ਗਏ।

* 23 ਮਾਰਚ ਨੂੰ ‘ਗਰਿਆਬੰਦ’ (ਛੱਤੀਸਗੜ੍ਹ) ਜ਼ਿਲੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ’ਚ ਮਿਡ-ਡੇ ਮੀਲ ’ਚ ਵਿਦਿਆਰਥੀਆਂ ਨੂੰ ਪਰੋਸੀ ਜਾਣ ਵਾਲੀ ਸੋਇਆਬੀਨ ਦੀ ‘ਵੜੀ’ ’ਚ ਕੀੜੇ (ਉੱਲੀ ਅਤੇ ਘੁਣ) ਨਿਕਲਣ ਦੀ ਸ਼ਿਕਾਇਤ ਸਾਹਮਣੇ ਆਈ।

* 24 ਮਈ ਨੂੰ ਔਰੰਗਾਬਾਦ (ਬਿਹਾਰ) ’ਚ ਉਰੂਥੁਵਾ ਸਥਿਤ ਸਰਕਾਰੀ ਮਿਡਲ ਸਕੂਲ ’ਚ ਮਿਡ-ਡੇ ਮੀਲ ਖਾਣ ਦੇ ਬਾਅਦ 102 ਤੋਂ ਵੱਧ ਬੱਚਿਆਂ ਦੀ ਸਿਹਤ ਵਿਗੜ ਗਈ। ਕੁਝ ਬੱਚੇ ਉਲਟੀ ਕਰਨ ਲੱਗੇ ਅਤੇ ਕੁਝ ਦੇ ਢਿੱਡ ਪੀੜ ਸ਼ੁਰੂ ਹੋ ਗਈ। ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ ਅਤੇ ਪਰੋਸੇ ਗਏ ਚੌਲਾਂ ’ਚ ਉਬਲ ਕੇ ਮਰੀ ਹੋਈ ਕੋਹੜਕਿਰਲੀ ਦੇਖੀ ਗਈ।

* 25 ਜੂਨ ਨੂੰ ਮੁਜ਼ੱਫਰਪੁਰ (ਬਿਹਾਰ) ’ਚ ‘ਮਿਠਨ ਸਰਾਏ’ ਸਥਿਤ ਇਕ ਸਰਕਾਰੀ ਸਕੂਲ ’ਚ ਬੱਚਿਆਂ ਦੇ ਮਿਡ-ਡੇ ਮੀਲ ’ਚ ਕੀੜੇ ਦੇਖੇ ਗਏ। ਦੋਸ਼ ਹੈ ਕਿ ਬੱਚਿਆਂ ਦੇ ਇਤਰਾਜ਼ ਕਰਨ ’ਤੇ ਸਕੂਲ ਦੀ ਮੁੱਖ ਅਧਿਆਪਿਕਾ ਨੇ ਕੀੜਿਆਂ ਨੂੰ ‘ਜੀਰਾ’ ਦੱਸਦੇ ਹੋਏ ਖਾਣ ਲਈ ਕਿਹਾ।

* 4 ਜੁਲਾਈ ਨੂੰ ਬਕਸਰ (ਬਿਹਾਰ) ਜ਼ਿਲੇ ਦੇ ‘ਪਾਂਡੇਯ ਪੱਟੀ’ ਸਕੂਲ ’ਚ ਦਾਲ ਅਤੇ ਸਬਜ਼ੀ ਦੇ ਨਾਲ ਪਰੋਸੇ ਗਏ ਚੌਲਾਂ ’ਚ ਕੀੜੇ ਨਿਕਲਣ ’ਤੇ ਬੱਚਿਆਂ ਨੇ ਉਸ ਭੋਜਨ ਨੂੰ ਖਾਣ ਤੋਂ ਨਾਂਹ ਕਰ ਦਿੱਤੀ ਅਤੇ ਸੁੱਟ ਦਿੱਤਾ।

* 4 ਜੁਲਾਈ ਨੂੰ ਹੀ ਸਾਂਗਲੀ (ਮਹਾਰਾਸ਼ਟਰ) ਜ਼ਿਲੇ ’ਚ ਇਕ ਆਂਗਣਵਾੜੀ ਸਕੂਲ ’ਚ ਬੱਚਿਆਂ ਲਈ ਭੇਜੇ ਗਏ ਮਿਡ-ਡੇ ਮੀਲ ਦੇ ਪੈਕੇਟ ’ਚ ਇਕ ਛੋਟਾ ਮਰਿਆ ਹੋਇਆ ਸੱਪ ਮਿਲਿਆ। ਵਰਨਣਯੋਗ ਹੈ ਕਿ ਮਹਾਰਾਸ਼ਟਰ ’ਚ ਆਂਗਣਵਾੜੀ ’ਚ 6 ਮਹੀਨੇ ਤੋਂ 3 ਸਾਲ ਤੱਕ ਦੇ ਬੱਚਿਆਂ ਨੂੰ ਪੈਕੇਟ ’ਚ ਬੰਦ ਮਿਡ-ਡੇ ਮੀਲ ਦਿੱਤਾ ਜਾਂਦਾ ਹੈ ਜਿਸ ’ਚ ਦਾਲ ਅਤੇ ਖਿੱਚੜੀ ਦਾ ਮਿਸ਼ਰਣ ਹੁੰਦਾ ਹੈ।

* ਅਤੇ ਹੁਣ 6 ਜੁਲਾਈ ਨੂੰ ਮੰਡਲਾ (ਮੱਧ ਪ੍ਰਦੇਸ਼) ਜ਼ਿਲੇ ਦੇ ਪਿੰਡ ‘ਬਕਛੇਰਾ ਦੌਨਾ’ ਦੇ ਆਂਗਣਵਾੜੀ ਕੇਂਦਰ ’ਚ ਬੱਚਿਆਂ ਲਈ ਭੇਜੇ ਗਏ ਮਿਡ-ਡੇ ਮੀਲ ਦਾ ਢੱਕਣ ਖੋਲ੍ਹਦੇ ਹੀ ਕਮਰੇ ’ਚ ਬਦਬੋ ਫੈਲ ਗਈ। ਚੌਲਾਂ ’ਚ ਕੀੜੇ ਅਤੇ ਕੀੜੀਆਂ ਪਈਆਂ ਹੋਈਆਂ ਸਨ। ਦਾਲ ’ਚ ਪਾਣੀ ਦੇ ਸਿਵਾਏ ਕੁਝ ਨਹੀਂ ਸੀ ਅਤੇ ਪੂਰਾ ਖਾਣਾ ਸੜਿਆ ਹੋਇਆ ਅਤੇ ਇੰਨਾ ਬਦਬੂਦਾਰ ਸੀ ਜਿਵੇਂ 4-5 ਦਿਨ ਪਹਿਲਾਂ ਬਣਾਇਆ ਗਿਆ ਹੋਵੇ।

ਹਾਲਾਂਕਿ ਬੱਚਿਆਂ ਨੂੰ ਪਰੋਸਣ ਤੋਂ ਪਹਿਲਾਂ ਭੋਜਨ ਨੂੰ ਇਕ ਅਧਿਆਪਕ ਸਮੇਤ 2 ਬਾਲਗਾਂ ਵੱਲੋਂ ਖਾ ਕੇ ਜਾਂਚਣਾ ਅਤੇ ਕੱਚੇ ਸਾਮਾਨ ਤੇ ਭਾਂਡਿਆਂ ਆਦਿ ਦੀ ਸ਼ੁੱਧਤਾ ਦੇ ਨਿਯਮਾਂ ਦਾ ਪਾਲਣਾ ਕਰਨਾ ਜ਼ਰੂਰੀ ਹੈ ਪਰ ਵਧੇਰੇ ਮਾਮਲਿਆਂ ’ਚ ਇਨ੍ਹਾਂ ਨਿਯਮਾਂ ਦੀ ਪਾਲਣਾ ਹੀ ਨਹੀਂ ਕੀਤੀ ਜਾਂਦੀ।

ਇਸੇ ਕਾਰਨ ਮਿਡ-ਡੇ ਮੀਲ ਖਾ ਕੇ ਵੱਡੀ ਗਿਣਤੀ ’ਚ ਬੱਚਿਆਂ ਦੇ ਬੀਮਾਰ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇੰਨਾ ਹੀ ਨਹੀਂ, ਪਕਾਉਣ ਦੇ ਦੌਰਾਨ ਵਰਤੀ ਜਾਣ ਵਾਲੀ ਲਾਪ੍ਰਵਾਹੀ ਦੇ ਕਾਰਨ ਗੰਭੀਰ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ। 

- ਵਿਜੇ ਕੁਮਾਰ


Harpreet SIngh

Content Editor

Related News