ਮਨੀ ਲਾਂਡਰਿੰਗ ਮਾਮਲੇ ’ਚ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਤੋਂ ED ਨੇ ਕੀਤੀ ਪੁੱਛ-ਗਿੱਛ
Monday, Sep 06, 2021 - 05:04 PM (IST)
ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਤੋਂ ਸੂਬੇ ਵਿਚ ਹੋਏ ਕੋਲਾ ਘਪਲੇ ਦੇ ਸਿਲਸਿਲੇ ’ਚ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਅੱਜ ਪੁੱਛ-ਗਿੱਛ ਕੀਤੀ ਹੈ। ਦੱਸ ਦੇਈਏ ਕਿ ਅਭਿਸ਼ੇਕ ਬੈਨਰਜੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਹਨ।
ਪੁੱਛ-ਗਿੱਛ ਲਈ ਰਾਜਧਾਨੀ ਵਿਚ ਈ. ਡੀ. ਦਫ਼ਤਰ ਪਹੁੰਚਣ ’ਤੇ ਬੈਨਰਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 6 ਸਤੰਬਰ ਨੂੰ ਪੁੱਛ-ਗਿੱਛ ਲਈ ਪੇਸ਼ ਹੋਣ ਦੇ ਸਬੰਧ ਵਿਚ ਉਨ੍ਹਾਂ ਨੂੰ ਇਕ ਨੋਟਿਸ ਮਿਲਿਆ ਸੀ। ਇਸ ਲਈ ਉਹ ਇੱਥੇ ਆਏ ਹਨ। ਜੋ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਉਹ ਆਪਣਾ ਕੰਮ ਕਰ ਰਹੇ ਹਨ ਅਤੇ ਉਹ ਉਨ੍ਹਾਂ ਦੀ ਜਾਂਚ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਦਿਨ ਤੋਂ ਉਹ ਕਹਿ ਰਹੇ ਹਨ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸੱਚਾਈ ਬਾਹਰ ਆਉਣੀ ਚਾਹੀਦੀ ਹੈ। ਇਸ ਜਾਂਚ ਵਿਚ ਉਨ੍ਹਾਂ ਨੇ ਈ. ਡੀ. ਦੇ ਅਧਿਕਾਰੀਆਂ ਦਾ ਸਹਿਯੋਗ ਕਰਨ ਦਾ ਵੀ ਦਾਅਵਾ ਕੀਤਾ।