ED ਨੇ ਕੇਜਰੀਵਾਲ ਨੂੰ 8ਵੀਂ ਵਾਰ ਭੇਜਿਆ ਸੰਮਨ, 4 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ
Tuesday, Feb 27, 2024 - 06:57 PM (IST)
ਨਵੀਂ ਦਿੱਲੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਠਵੀਂ ਵਾਰ ਸੰਮਨ ਜਾਰੀ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 4 ਮਾਰਚ ਨੂੰ ਇੱਥੇ ਏਜੰਸੀ ਦੇ ਮੁੱਖ ਦਫ਼ਤਰ ਆਉਣ ਲਈ ਕਿਹਾ ਗਿਆ ਹੈ। ਕੇਜਰੀਵਾਲ (55) ਇਸ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਨਹੀਂ ਹੋਏ।
ਇਹ ਸੱਤਵੀਂ ਵਾਰ ਹੈ ਜਦੋਂ ਕੇਜਰੀਵਾਲ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੰਮਨ 'ਤੇ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ ਹਨ। ਉਨ੍ਹਾਂ ਕਿਹਾ ਸੀ ਕਿ ਜੇਕਰ ਅਦਾਲਤ ਇਸ ਸਬੰਧੀ ਕੋਈ ਹੁਕਮ ਦਿੰਦੀ ਹੈ ਤਾਂ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਣਗੇ। ਸੰਮਨ 'ਤੇ ਕੇਜਰੀਵਾਲ ਦੇ ਪੇਸ਼ ਨਾ ਹੋਣ ਨੂੰ ਲੈ ਕੇ ਈ.ਡੀ. ਨੇ ਸ਼ਹਿਰ ਦੀ ਇਕ ਅਦਾਲਤ ਤਕ ਪਹੁੰਚ ਕੀਤੀ, ਜਿਸ 'ਤੇ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ 4 ਮਾਰਚ ਨੂੰ ਉਸਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਈ.ਡੀ. ਨੇ 8ਵਾਂ ਸੰਮਨ ਜਾਰੀ ਕਰਦੇ ਹੋਏ ਇਸ ਦਲੀਲ ਨੂੰ ਰੱਦ ਕਰ ਦਿੱਤਾ ਸੀ ਕਿ ਕੇਜਰੀਵਾਲ ਨੂੰ ਪੇਸ਼ ਹੋਣ ਲਈ ਭੇਜਿਆ ਗਿਆ ਨੋਟਿਸ਼ ਅਣਉਚਿਤ ਹੈ ਕਿਉਂਕਿ ਮਾਮਲਾ ਸਥਾਨਕ ਅਦਾਲਤ 'ਚ ਵਿਚਾਰ ਅਧੀਨ ਹੈ।