ED ਨੇ ਹਿਮਾਚਲ ਪ੍ਰਦੇਸ਼ ਦੀ ਮਾਨਵ ਭਾਰਤੀ ਯੂਨੀਵਰਸਿਟੀ ਵਿਰੁੱਧ ਦੋਸ਼-ਪੱਤਰ ਕੀਤਾ ਦਾਖ਼ਲ

Friday, Jan 06, 2023 - 05:52 PM (IST)

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟਰ (ਈ. ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਥਿਤ ਤੌਰ ’ਤੇ ਫਰਜ਼ੀ ਡਿਗਰੀਆਂ ਵੇਚਣ ਨਾਲ ਜੁੜੇ ਇਕ ਮਾਮਲੇ ’ਚ ਹਿਮਾਚਲ ਪ੍ਰਦੇਸ਼ ਦੀ ਮਾਨਵ ਭਾਰਤੀ ਯੂਨੀਵਰਸਿਟੀ ਅਤੇ ਉਸ ਦੇ ਪ੍ਰੋਮੋਟਰਜ਼ ਖ਼ਿਲਾਫ਼ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਇਕ ਦੋਸ਼-ਪੱਤਰ ਦਾਖ਼ਲ ਕੀਤਾ ਹੈ। ਸੰਘੀ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਦੋਸ਼-ਪੱਤਰ ’ਚ ਕੁੱਲ 16 ਲੋਕਾਂ/ਸੰਸਥਾਵਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ’ਚ ਸੋਲਨ ਸਥਿਤ ਮਾਨਵ ਭਾਰਤੀ ਯੂਨੀਵਰਸਿਟੀ, ਪ੍ਰੋਮੋਟਰ ਰਾਜ ਕੁਮਾਰ ਰਾਣਾ ਤੇ ਹੋਰ ਸ਼ਾਮਲ ਹਨ।

ਏਜੰਸੀ ਨੇ ਦੋਸ਼ ਲਗਾਇਆ,''ਇਨ੍ਹਾਂ ਲੋਕਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਯੂਨੀਵਰਸਿਟੀ ਦੇ ਨਾਂ ’ਤੇ ਪੈਸਿਆਂ ਦੇ ਬਦਲੇ ਫਰਜ਼ੀ ਡਿਗਰੀਆਂ ਵੇਚੀਆਂ।'' ਉਸ ਨੇ ਕਿਹਾ,''ਇਸ ਗੈਰ-ਕਾਨੂੰਨੀ ਕੰਮ ਤੋਂ ਮਿਲੇ ਪੈਸਿਆਂ ਦਾ ਇਸਤੇਮਾਲ ਰਾਣਾ ਨੇ ਵੱਖ-ਵੱਖ ਸੂਬਿਆਂ 'ਚ ਆਪਣੇ ਅਤੇ ਪਰਿਵਾਰ ਦੇ ਮੈਂਬਰਾਂ ਤੇ ਸੰਸਥਾਵਾਂ ਦੇ ਨਾਮ 'ਤੇ ਵੱਖ-ਵੱਖ ਚੱਲ-ਅਚੱਲ ਜਾਇਦਾਦਾਂ ਖਰੀਦਣ 'ਚ ਕੀਤਾ।'' ਈ.ਡੀ. ਨੇ ਕਿਹਾ ਕਿ ਮਨੀ ਲਾਂਡਰਿੰਗ ਦਾ ਇਹ ਮਾਮਲਾ 'ਮਾਨਵ ਭਾਰਤੀ ਯੂਨੀਵਰਸਿਟੀ, ਸੋਲਨ ਦੇ ਫਰਜ਼ੀ ਘਪਲੇ ਦੇ ਮਾਮਲੇ 'ਚ' ਦੋਸ਼ੀਆਂ ਖ਼ਿਲਾਫ਼ ਦਰਜ ਹਿਮਾਚਲ ਪ੍ਰਦੇਸ਼ ਪੁਲਸ ਦੀਆਂ ਤਿੰਨ ਐੱਫ.ਆਈ.ਆਰ. ਨਾਲ ਜੁੜਿਆ ਹੈ। ਏਜੰਸੀ ਨੇ ਪਹਿਲਾਂ ਇਸ ਮਾਮਲੇ 'ਚ 194 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਸਨ।


DIsha

Content Editor

Related News