ED ਨੇ ਦਾਊਦ ਇਬਰਾਹਿਮ ਦੇ ਭਰਾ ਦਾ ਫਲੈਟ ਕੀਤਾ ਜ਼ਬਤ
Tuesday, Dec 24, 2024 - 03:01 PM (IST)
ਮੁੰਬਈ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਦੇ ਕਰੀਬੀ ਸਹਿਯੋਗੀ ਦੇ ਨਾਂ 'ਤੇ ਠਾਣੇ 'ਚ ਇਕ ਫਲੈਟ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਕਾਵੇਸਰ ਦੇ ਨਿਯੋਪੋਲਿਸ ਟਾਵਰ 'ਚ ਸਥਿਤ ਇਹ ਫਲੈਟ ਅਪ੍ਰੈਲ 2022 ਤੋਂ ਅਸਥਾਈ ਕੁਰਕੀ ਦੇ ਅਧੀਨ ਸੀ। ਇਹ ਕਾਰਵਾਈ ਇਕਬਾਲ ਅਤੇ ਉਸ ਦੇ ਭਰਾ ਦਾਊਦ ਇਬਰਾਹਿਮ ਖ਼ਿਲਾਫ਼ ਚੱਲ ਰਹੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦਾ ਹਿੱਸਾ ਹੈ। ਇਹ ਜਾਂਚ ਠਾਣੇ 'ਐਂਟੀ-ਐਕਸਟਾਰਸ਼ਨ' ਸੈੱਲ ਵਲੋਂ ਦਰਜ ਕੀਤੀ ਗਈ ਜ਼ਬਰਨ ਵਸੂਲੀ ਦੀ ਇਕ ਸ਼ਿਕਾਇਤ 'ਤੇ ਆਧਾਰਤ ਹੈ।
ਇਹ ਪਤਾ ਲੱਗਾ ਕਿ ਇਕਬਾਲ ਨੇ ਦਾਊਦ ਨਾਲ ਆਪਣੀ ਨਜ਼ਦੀਕੀ ਦਾ ਲਾਭ ਚੁੱਕਦੇ ਹੋਏ ਆਪਣੇ ਸਹਿਯੋਗੀਆਂ ਮੁਮਤਾਜ ਸ਼ੇਖ ਅਤੇ ਇਸਰਾਰ ਅਲੀ ਜ਼ਮੀਨ ਨਾਲ ਇਕ ਰਿਅਲ ਐਸਟੇਟ ਡੈਵਲਪਰ ਸੁਰੇਸ਼ ਮੇਹਤਾ ਤੋਂ ਜ਼ਬਰਨ ਜਾਇਦਾਦ ਅਤੇ ਨਕਦੀ ਵਸੂਲੀ ਸੀ। ਲਗਭਗ 75 ਲੱਖ ਰੁਪਏ ਮੁੱਲ ਦਾ ਇਹ ਫਲੈਟ ਸ਼ੇਖ ਦੇ ਨਾਂ 'ਤੇ ਜ਼ਬਰਦਸਤੀ ਟਰਾਂਸਫਰ ਕਰ ਦਿੱਤਾ ਗਿਆ ਸੀ, ਜਦੋਂ ਕਿ 10 ਲੱਖ ਰੁਪਏ ਦੀ ਵਾਧੂ ਨਕਦੀ ਫਰਜ਼ੀ ਚੈੱਕ ਸਮੇਤ ਗਲਤ ਤਰੀਕਿਆਂ ਨਾਲ ਵਸੂਲੀ ਗਈ ਸੀ। ਈ.ਡੀ. ਨੇ 2 ਐੱਫ.ਆਈ.ਆਰ. ਦੇ ਆਧਾਰ 'ਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਨ੍ਹਾਂ 'ਚੋਂ ਇਕ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ ਦਾਊਦ ਇਬਰਾਹਿਮ, ਅਨੀਸ ਇਬਰਾਹਿਮ, ਛੋਟਾ ਸ਼ਕੀਲ, ਟਾਈਗਰ ਮੇਮਨ ਅਤੇ ਹੋਰ ਖ਼ਿਲਾਫ਼ ਦਾਇਰ ਕੀਤੀ ਗਈ ਸੀ ਅਤੇ ਦੂਜੀ ਇਕਬਾਲ ਕਾਸਕਰ ਅਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਜ਼ਬਰਨ ਵਸੂਲੀ ਨੂੰ ਲੈ ਕੇ ਦਰਜ ਕੀਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8