7 ਘੰਟਿਆਂ ਦੀ ਪੁੱਛ-ਗਿੱਛ ਪਿੱਛੋਂ ED ਨੇ ਸੰਜੇ ਰਾਊਤ ਨੂੰ ਕੀਤਾ ਗ੍ਰਿਫ਼ਤਾਰ, 11.5 ਲੱਖ ਰੁਪਏ ਨਕਦ ਜ਼ਬਤ

Monday, Aug 01, 2022 - 09:55 AM (IST)

7 ਘੰਟਿਆਂ ਦੀ ਪੁੱਛ-ਗਿੱਛ ਪਿੱਛੋਂ ED ਨੇ ਸੰਜੇ ਰਾਊਤ ਨੂੰ ਕੀਤਾ ਗ੍ਰਿਫ਼ਤਾਰ, 11.5 ਲੱਖ ਰੁਪਏ ਨਕਦ ਜ਼ਬਤ

ਮੁੰਬਈ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੁੰਬਈ 'ਚ ਇਕ 'ਚੌਲ' ਦੇ ਪੁਨਰ ਵਿਕਾਸ 'ਚ ਕਥਿਤ ਬੇਨਿਯਮੀਆਂ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ 'ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਮੁੰਬਈ ਦੇ ਬੈਲਾਰਡ ਅਸਟੇਟ ਵਿਚ ਈ.ਡੀ. ਦੇ ਡਵੀਜ਼ਨਲ ਦਫ਼ਤਰ 'ਚ 7 ਘੰਟਿਆਂ ਤੋਂ ਵੱਧ ਚੱਲੀ ਪੁੱਛ-ਗਿੱਛ ਤੋਂ ਬਾਅਦ ਰਾਊਤ (60) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਰਾਊਤ ਨੂੰ ਐਤਵਾਰ ਦੁਪਹਿਰ 12.05 ਵਜੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਹਿਰਾਸਤ 'ਚ ਲਿਆ ਗਿਆ, ਕਿਉਂਕਿ ਉਹ ਜਾਂਚ 'ਚ ਸਹਿਯੋਗ ਨਹੀਂ ਕਰ ਰਿਹਾ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਈ.ਡੀ. ਨੇ ਰਾਊਤ ਦੇ ਘਰ ਕਰੀਬ 9 ਘੰਟਿਆਂ ਤੱਕ ਛਾਪੇਮਾਰੀ ਕੀਤੀ, ਜਿਸ 'ਚ 11.5 ਲੱਖ ਰੁਪਏ ਨਕਦ ਜ਼ਬਤ ਕੀਤੇ ਗਏ। ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਰਾਊਤ ਨੂੰ ਮੁੰਬਈ ਦੀ ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਈ. ਡੀ. ਉਸ ਦੀ ਹਿਰਾਸਤ ਦੀ ਮੰਗ ਕਰੇਗਾ। ਜਾਂਚ ਏਜੰਸੀ ਦੀ ਇਕ ਟੀਮ ਐਤਵਾਰ ਨੂੰ ਮੁੰਬਈ ਦੇ ਭਾਂਡੁਪ ਇਲਾਕੇ ’ਚ ਰਾਊਤ ਦੀ ਰਿਹਾਇਸ਼ ’ਤੇ ਪਹੁੰਚੀ, ਜਿੱਥੇ ਉਸ ਨੇ ਰਾਊਤ ਤੋਂ ਪੁੱਛਗਿੱਛ ਕੀਤੀ ਅਤੇ ਸ਼ਾਮ ਤਕ ਏਜੰਸੀ ਦੇ ਸਥਾਨਕ ਦਫਤਰ ’ਚ ਪੁੱਛ-ਗਿੱਛ ਲਈ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ। ਇਸ ਤੋਂ ਪਹਿਲਾਂ ਰਾਊਤ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਊਤ ਨੇ ਈ. ਡੀ. ਦੀ ਕਾਰਵਾਈ ਤੋਂ ਥੋੜ੍ਹੀ ਦੇਰ ਬਾਅਦ ਟਵੀਟ ਕੀਤਾ,''ਮੈਂ ਬਾਲਾ ਸਾਹਿਬ ਠਾਕਰੇ ਦੀ ਸਹੁੰ ਖਾਂਦਾ ਹਾਂ, ਮੈਂ ਕੋਈ ਘਪਲਾ ਨਹੀਂ ਕੀਤਾ। ਮੈਂ ਮਰ ਜਾਵਾਂਗਾ ਪਰ ਝੁਕਾਂਗਾ ਨਹੀਂ ਤੇ ਨਾ ਹੀ ਸ਼ਿਵ ਸੈਨਾ ਛੱਡਾਂਗਾ।''

ਇਹ ਵੀ ਪੜ੍ਹੋ : ED ਨੇ ਸੰਜੇ ਰਾਊਤ ਨੂੰ ਹਿਰਾਸਤ ’ਚ ਲਿਆ, ਘਰ ’ਚ ਸਵੇਰ ਤੋਂ ਚੱਲ ਰਹੀ ਸੀ ਛਾਪੇਮਾਰੀ

ਕੇਂਦਰੀ ਰਿਜ਼ਰਵ ਪੁਲਸ ਬਲ ਦੇ ਅਧਿਕਾਰੀ ਐਤਵਾਰ ਸਵੇਰੇ 7 ਵਜੇ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਕਰਮਚਾਰੀਆਂ ਦੇ ਨਾਲ ਰਾਊਤ ਦੇ 'ਮੈਤਰੀ' ਬੰਗਲੇ ਪਹੁੰਚੇ ਅਤੇ ਤਲਾਸ਼ੀ ਸ਼ੁਰੂ ਕੀਤੀ। ਇਹ ਕਾਰਵਾਈ ਈ. ਡੀ. ਨੇ ਰਾਊਤ ਖਿਲਾਫ ਉਸ ਵਲੋਂ 2 ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਕੀਤੀ। ਤਾਜ਼ਾ ਸੰਮਨ 27 ਜੁਲਾਈ ਨੂੰ ਜਾਰੀ ਕੀਤੇ ਗਏ ਸਨ। ਰਾਊਤ ਇਸ ਮਾਮਲੇ ’ਚ ਆਪਣਾ ਬਿਆਨ ਦਰਜ ਕਰਵਾਉਣ ਲਈ 1 ਜੁਲਾਈ ਨੂੰ ਮੁੰਬਈ ’ਚ ਏਜੰਸੀ ਦੇ ਸਾਹਮਣੇ ਪੇਸ਼ ਹੋਏ ਸਨ। ਇਸ ਤੋਂ ਬਾਅਦ ਏਜੰਸੀ ਨੇ ਉਨ੍ਹਾਂ ਨੂੰ ਦੋ ਵਾਰ ਤਲਬ ਕੀਤਾ ਸੀ ਪਰ ਉਹ ਮੌਜੂਦਾ ਸੰਸਦ ਸੈਸ਼ਨ ’ਚ ਰੁੱਝੇ ਹੋਣ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਏ। ਸੰਜੇ ਰਾਊਤ ਦੇ ਘਰ ਛਾਪੇਮਾਰੀ ਦੌਰਾਨ 11.50 ਲੱਖ ਰੁਪਏ ਜ਼ਬਤ ਕੀਤੇ ਗਏ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਜੇਕਰ ਸੰਜੇ ਰਾਊਤ ਬੇਕਸੂਰ ਹਨ ਤਾਂ ਉਨ੍ਹਾਂ ਨੂੰ ਈ. ਡੀ. ਦੀ ਕਾਰਵਾਈ ਤੋਂ ਡਰਨਾ ਨਹੀਂ ਚਾਹੀਦਾ। ਔਰੰਗਾਬਾਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿੰਦੇ ਨੇ ਕਿਹਾ, ''ਰਾਊਤ ਨੇ ਐਲਾਨ ਕੀਤਾ ਹੈ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਜੇਕਰ ਅਜਿਹਾ ਹੈ ਤਾਂ ਤੁਸੀਂ ਜਾਂਚ ਤੋਂ ਕਿਉਂ ਡਰਦੇ ਹੋ? ਜੇ ਤੁਸੀਂ ਬੇਕਸੂਰ ਹੋ, ਤਾਂ ਤੁਹਾਨੂੰ ਕਿਸ ਗੱਲ ਦਾ ਡਰ ਹੈ?

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News