ਨਕਲੀ ਡਿਗਰੀ-ਮਾਰਕਸ਼ੀਟ ਰੈਕੇਟ ’ਤੇ ED ਦੀ ਵੱਡੀ ਕਾਰਵਾਈ, 16 ਟਿਕਾਣਿਆਂ ’ਤੇ ਕੀਤੀ ਛਾਪੇਮਾਰੀ
Friday, Nov 07, 2025 - 03:46 AM (IST)
ਲਖਨਊ - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਨਕਲੀ ਡਿਗਰੀਆਂ ਅਤੇ ਮਾਰਕਸ਼ੀਟਾਂ ਬਣਾਉਣ ਵਾਲੇ ਗਿਰੋਹ ’ਤੇ ਇਕੱਠਿਆਂ 16 ਥਾਵਾਂ ’ਤੇ ਵੱਡੀ ਕਾਰਵਾਈ ਕੀਤੀ। ਈ. ਡੀ. ਦੀਆਂ 10 ਤੋਂ ਵੱਧ ਟੀਮਾਂ ਨੇ ਹਾਪੁੜ ਦੀ ਮੋਨਾਡ ਯੂਨੀਵਰਸਿਟੀ, ਉੱਨਾਵ ਦੇ ਸਰਸਵਤੀ ਮੈਡੀਕਲ ਕਾਲਜ ਸਮੇਤ ਦਿੱਲੀ, ਗੁੜਗਾਓਂ, ਫਰੀਦਾਬਾਦ ਅਤੇ ਸੋਨੀਪਤ ’ਚ ਛਾਪੇ ਮਾਰੇ। ਇਸ ਦੌਰਾਨ ਈ. ਡੀ. ਨੇ ਕਈ ਅਹਿਮ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਯੰਤਰ ਜ਼ਬਤ ਕੀਤੇ। ਕਾਰਵਾਈ ਮਨੀ ਲਾਂਡਰਿੰਗ ਐਕਟ ਤਹਿਤ ਦਰਜ ਮਾਮਲੇ ’ਚ ਕੀਤੀ ਗਈ।
ਜਾਂਚ ’ਚ ਖੁਲਾਸਾ ਹੋਇਆ ਸੀ ਕਿ ਮੋਨਾਡ ਯੂਨੀਵਰਸਿਟੀ ਤੋਂ ਮੈਡੀਕਲ, ਇੰਜੀਨੀਅਰਿੰਗ ਅਤੇ ਐੱਮ. ਬੀ. ਏ. ਦੀਆਂ ਨਕਲੀ ਡਿਗਰੀਆਂ ਵੇਚਣ ਦਾ ਇਕ ਸਰਗਰਮ ਨੈੱਟਵਰਕ ਚੱਲ ਰਿਹਾ ਸੀ। ਇਸ ਰੈਕੇਟ ’ਚ ਯੂ. ਪੀ., ਦਿੱਲੀ ਅਤੇ ਹਰਿਆਣਾ ਦੇ ਕਈ ਕਾਲਜਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਉੱਨਾਵ ਦੇ ਸੋਹਰਾਮਊ ਸਥਿਤ ਸਰਸਵਤੀ ਮੈਡੀਕਲ ਕਾਲਜ ’ਚ ਈ. ਡੀ. ਦੀ ਟੀਮ ਨੇ ਕਾਲਜ ਦੀ ਐਮਰਜੈਂਸੀ ਨੂੰ ਛੱਡ ਕੇ ਹੋਰ ਥਾਵਾਂ ’ਤੇ ਆਉਣ–ਜਾਣ ’ਤੇ ਰੋਕ ਲਾ ਦਿੱਤੀ। ਕਰਮਚਾਰੀਆਂ ਅਤੇ ਪ੍ਰਿੰਸੀਪਲ ਤੋਂ ਮੋਬਾਈਲ ਜ਼ਬਤ ਕਰ ਲਏ ਗਏ ਅਤੇ ਕੰਪਿਊਟਰਾਂ, ਲੈਪਟਾਪਾਂ ਅਤੇ ਸਰਵਰਾਂ ਦੀਆਂ ਹਾਰਡ ਡਿਸਕਾਂ ਸੀਲ ਕਰ ਦਿੱਤੀਆਂ ਗਈਆਂ।
ਸਰਸਵਤੀ ਕਾਲਜ ਤੋਂ ਅਹਿਮ ਦਸਤਾਵੇਜ਼ ਮਿਲਣ ਤੋਂ ਬਾਅਦ ਈ. ਡੀ. ਨੇ ਪ੍ਰਿੰਸੀਪਲ ਅਖਿਲੇਸ਼ ਮੌਰਿਆ ਦੇ ਲਖਨਊ ਦੇ ਗੋਮਤੀਨਗਰ ਵਿਸਤਾਰ ਸਥਿਤ ਘਰ ਅਤੇ ਉਨ੍ਹਾਂ ਦੇ ਇਕ ਸੰਸਥਾਨ ’ਤੇ ਵੀ ਛਾਪਾ ਮਾਰਿਆ। ਈ. ਡੀ. ਨੇ ਮੋਨਾਡ ਯੂਨੀਵਰਸਿਟੀ ਦੇ ਚੇਅਰਮੈਨ ਵਿਜੇਂਦਰ ਹੁੱਡਾ ਦੇ ਕਈ ਟਿਕਾਣਿਆਂ ’ਤੇ ਵੀ ਛਾਪੇ ਮਾਰੇ। ਹੁੱਡਾ ਦਾ ਨਾਂ ਇਸ ਫਰਜ਼ੀਵਾੜੇ ’ਚ ਮੁੱਖ ਸਰਗਣੇ ਵਜੋਂ ਸਾਹਮਣੇ ਆਇਆ ਸੀ। ਐੱਸ. ਟੀ. ਐੱਫ. ਨੇ ਪਹਿਲਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁੱਡਾ ਬਸਪਾ ਦੀ ਟਿਕਟ ’ਤੇ 2024 ਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਚੁੱਕਾ ਹੈ ਅਤੇ ਉਸ ’ਤੇ ਕਈ ਅਪਰਾਧਿਕ ਮਾਮਲੇ ਦਰਜ ਹਨ।
