ਫਾਰੂਕ ਅਬਦੁੱਲਾ ''ਤੇ ED ਦੀ ਕਾਰਵਾਈ, ਕ੍ਰਿਕਟ ਘਪਲੇ ''ਚ 12 ਕਰੋੜ ਦੀ ਜਾਇਦਾਦ ਜ਼ਬਤ
Saturday, Dec 19, 2020 - 07:36 PM (IST)
ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜੰਮੂ-ਕਸ਼ਮੀਰ ਕ੍ਰਿਕਟ ਘਪਲਾ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਜਾਇਦਾਦ ਜ਼ਬਤ ਕਰ ਦਿੱਤੀ ਹੈ। ਈ.ਡੀ. ਵਲੋਂ ਜੇ.ਕੇ. ਕ੍ਰਿਕਟ ਐਸੋਸੀਏਸ਼ਨ ਦੇ ਫੰਡ ਘਪਲੇ ਵਿੱਚ ਫਾਰੂਕ ਅਬਦੁੱਲਾ ਨਾਲ ਸਬੰਧਿਤ 2 ਘਰ, 3 ਪਲਾਟ ਅਤੇ ਇੱਕ ਪ੍ਰਾਪਰਟੀ ਅਟੈਚ ਕੀਤੀ ਗਈ ਹੈ। ਇਸ ਦੀ ਕੀਮਤ ਬਾਜ਼ਾਰ ਵਿੱਚ ਕਰੀਬ 12 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਦੀ ਜੇ.ਕੇ. ਕ੍ਰਿਕਟ ਐਸੋਸੀਏਸ਼ਨ ਦੇ ਫੰਡ ਘਪਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਜਿਹੜੀ ਜਾਇਦਾਦ ਜ਼ਬਤ ਕੀਤੀ ਗਈ ਹੈ, ਉਸ ਵਿੱਚ ਇੱਕ ਪ੍ਰਾਪਰਟੀ ਸ਼੍ਰੀਨਗਰ ਦੇ ਗੁਪਕਾਰ ਰੋਡ 'ਤੇ ਸਥਿਤ ਹੈ। ਜਦੋਂ ਕਿ ਤਨਮਾਰਗ ਦੇ ਕਟੀਪੋਰਾ ਤਹਿਸੀਲ ਅਤੇ ਜੰਮੂ ਦੇ ਭਾਟਿੰਡੀ ਵਿੱਚ ਇੱਕ-ਇੱਕ ਪ੍ਰਾਪਰਟੀ ਸ਼ਾਮਲ ਹਨ। ਇਸ ਤੋਂ ਇਲਾਵਾ ਸ਼੍ਰੀਨਗਰ ਦੇ ਰੈਜੀਡੈਂਸੀ ਰੋਡ ਖੇਤਰ ਵਿੱਚ ਇੱਕ ਵਪਾਰਕ ਜਾਇਦਾਦ ਵੀ ਹੈ। ਕੁਲ ਕੀਮਤ 11.86 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਫੰਡ ਵਿੱਚ ਹੋਏ ਕਥਿਤ ਹੇਰਾਫੇਰੀ ਮਾਮਲੇ ਵਿੱਚ ਅਕਤੂਬਰ ਵਿੱਚ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਗਏ ਸਨ। ਈ.ਡੀ. ਵਲੋਂ ਪੁੱਛਗਿੱਛ ਲਈ ਨੋਟਿਸ ਜਾਰੀ ਹੋਣ ਤੋਂ ਬਾਅਦ ਫਾਰੂਕ ਦਫਤਰ ਗਏ। ਹਾਲਾਂਕਿ ਈ.ਡੀ. ਦੇ ਨੋਟਿਸ 'ਤੇ ਨੈਸ਼ਨਲ ਕਾਨਫਰੰਸ ਨੇ ਨਰਾਜ਼ਗੀ ਜਤਾਈ ਅਤੇ ਦੋਸ਼ ਲਗਾਇਆ ਕਿ ਇਹ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ।
113 ਕਰੋੜ ਦੀ ਹੇਰਾਫੇਰੀ
ਹੇਰਾਫੇਰੀ ਦੇ ਮਾਮਲੇ ਵਿੱਚ ਈ.ਡੀ. ਇਸ ਤੋਂ ਪਹਿਲਾਂ ਵੀ 6 ਘੰਟੇ ਤੱਕ ਫਾਰੂਕ ਅਬਦੁੱਲਾ ਤੋਂ ਪੁੱਛਗਿੱਛ ਕਰ ਚੁੱਕੀ ਸੀ। ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਵਿੱਚ ਕਥਿਤ 113 ਕਰੋੜ ਰੁਪਏ ਦੀ ਧਾਂਧਲੀ ਦਾ ਮਾਮਲਾ ਬਹੁਤ ਪੁਰਾਣਾ ਹੈ। ਅਜਿਹਾ ਦੋਸ਼ ਹੈ ਕਿ ਇਸ ਨਾਲ ਕਰੀਬ 43.69 ਕਰੋੜ ਰੁਪਏ ਦਾ ਗ਼ਬਨ ਕੀਤਾ ਗਿਆ ਅਤੇ ਇਸ ਪੈਸੇ ਨੂੰ ਖਿਡਾਰੀਆਂ 'ਤੇ ਵੀ ਖਰਚ ਨਹੀਂ ਕੀਤਾ ਗਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।