ਨੋਟਬੰਦੀ ਅਤੇ ਜੀ. ਐੱਸ. ਟੀ . ਦੇ ਬਾਵਜੂਦ ਅਰਥਵਿਵਸਥਾ ਸਹੀ ਦਿਸ਼ਾ ''ਚ : ਮੋਦੀ
Monday, Oct 23, 2017 - 08:54 AM (IST)
ਵਡੋਦਰਾ - ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੇਸ਼ ਦੇ ਟਰਾਂਸਪੋਰਟ ਖੇਤਰ ਦੇ ਅਸੰਤੁਲਨ ਨੂੰ ਦੂਰ ਕਰਨ ਦੀ ਦਿਸ਼ਾ 'ਚ ਵੀ ਠੋਸ ਕਦਮ ਚੁੱਕਿਆ ਹੈ ਤੇ ਨਵੀਂ ਬੇੜਾ ਟਰਾਂਸਪੋਰਟ ਨੀਤੀ ਅਤੇ ਨਵੀਂ ਹਵਾਬਾਜ਼ੀ ਨੀਤੀ ਤਿਆਰ ਕੀਤੀ ਹੈ। ਮੋਦੀ ਨੇ ਕਿਹਾ ਕਿ ਫੇਰੀ ਸਰਵਿਸ ਨਿਊ ਇੰਡੀਆ ਦੀ ਦਿਸ਼ਾ 'ਚ ਇਕ ਵੱਡਾ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਨੋਟਬੰਦੀ ਤੇ ਜੀ. ਐੱਸ. ਟੀ. ਵਰਗੇ ਸਖਤ ਆਰਥਿਕ ਸੁਧਾਰਾਂ ਦੇ ਬਾਵਜੂਦ ਅਰਥਵਿਵਸਥਾ ਸਹੀ ਦਿਸ਼ਾ 'ਚ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਜਲ ਮਾਰਗਾਂ ਦੇ ਸਸਤਾ ਹੋਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਦੌਰਾਨ ਆਜ਼ਾਦੀ ਮਗਰੋਂ ਦੇਸ਼ 'ਚ ਸਿਰਫ 5 ਜਲ ਮਾਰਗ ਸਨ। ਸਮੁੰਦਰੀ ਕੰਢੇ ਨੂੰ ਦੇਸ਼ ਦੀ ਉਨਤੀ ਤੇ ਖੁਸ਼ਹਾਲੀ ਦਾ ਪ੍ਰਵੇਸ਼ ਮਾਰਗ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਦਹਾਕਿਆਂ 'ਚ ਕੇਂਦਰ ਸਰਕਾਰ ਨੇ ਸਮੁੰਦਰੀ ਇਲਾਕੇ ਦੇ ਵਿਕਾਸ 'ਤੇ ਧਿਆਨ ਨਹੀਂ ਦਿੱਤਾ ਅਤੇ ਜਹਾਜ਼ਰਾਨੀ ਅਤੇ ਬੰਦਰਗਾਹ ਖੇਤਰ ਵੀ ਵਾਂਝਾ ਰਿਹਾ। ਸਾਡੀ ਸਰਕਾਰ ਨੇ ਸਮੁੰਦਰੀ ਇਲਾਕੇ 'ਚ ਸੁਧਾਰ ਅਤੇ ਜਲ ਆਧਾਰਿਤ ਢਾਂਚੇ ਦੇ ਵਿਕਾਸ ਲਈ ਸਾਗਰ ਮਾਲਾ ਪ੍ਰਾਜੈਕਟ ਅਤੇ 106 ਰਾਸ਼ਟਰੀ ਜਲ ਮਾਰਗਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ।
ਭਾਵਨਗਰ ਦੇ ਘੋਘਾ ਅਤੇ ਭਰੂਚ ਦੇ ਦਾਹੇਜ ਵਿਚਾਲੇ 650 ਕਰੋੜ ਰੁਪਏ ਦੀ (ਰੋਲ ਆਨ ਰੋਲ ਆਫ) ਫੇਰੀ ਸੇਵਾ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੇਸ਼ ਦੇ ਟਰਾਂਸਪੋਰਟ ਖੇਤਰ ਦੇ ਅਸੰਤੁਲਨ ਨੂੰ ਦੂਰ ਕਰਨ ਦੀ ਦਿਸ਼ਾ 'ਚ ਵੀ ਠੋਸ ਕਦਮ ਚੁੱਕਿਆ।
ਇਸ ਸੇਵਾ ਦੇ ਰਾਹੀਂ ਦੱਖਣੀ ਗੁਜਰਾਤ ਅਤੇ ਸੌਰਾਸ਼ਟਰ ਵਿਚਾਲੇ ਦੀ ਦੂਰੀ 8 ਘੰਟਿਆਂ ਦੇ ਔਸਤ ਸਮੇਂ ਤੋਂ ਘਟ ਕੇ ਸਿਰਫ ਡੇਢ ਘੰਟੇ ਦੀ ਰਹਿ ਜਾਵੇਗੀ।
ਇਸ ਦੇ ਦੂਸਰੇ ਪੜਾਅ 'ਚ ਜਹਾਜ਼ 'ਚ ਗੱਡੀਆਂ ਨੂੰ ਲੱਦਣ ਦੀ ਵੀ ਵਿਵਸਥਾ ਹੋਵੇਗੀ। ਨਵੀਂ ਬੇੜਾ ਟਰਾਂਸਪੋਰਟ ਨੀਤੀ ਅਤੇ ਨਵੀਂ ਹਵਾਬਾਜ਼ੀ ਨੀਤੀ ਤਿਆਰ ਕੀਤੀ ਹੈ। ਛੋਟੇ-ਛੋਟੇ ਹਵਾਈ ਅੱਡਿਆਂ ਨੂੰ ਸੁਧਾਰਨ ਦੀ ਪਹਿਲ ਸ਼ੁਰੂ ਕੀਤੀ ਹੈ।
ਇਸ ਦੇ ਨਾਲ ਹੀ ਅਹਿਮਦਾਬਾਦ, ਮੁੰਬਈ ਵਿਚਾਲੇ ਬੁਲੇਟ ਟਰੇਨ ਪ੍ਰਾਜੈਕਟ ਦਾ ਕਾਰਜ ਅੱਗੇ ਵਧਾਇਆ ਹੈ। ਵਿਰੋਧੀ ਧਿਰ ਵੱਲੋਂ ਆਰਥਿਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ਜ਼ੋਰ ਦਿੱਤਾ ਹੈ ਕਿ ਔਖੇ ਸੁਧਾਰਾਂ ਦੇ ਮਗਰੋਂ ਅਰਥਵਿਵਸਥਾ ਪੱਟੜੀ 'ਤੇ ਆ ਰਹੀ ਹੈ ਅਤੇ ਸਹੀ ਦਿਸ਼ਾ 'ਚ ਅੱਗੇ ਵਧ ਰਹੀ ਹੈ। ਅਸੀਂ ਸਹੀ ਫੈਸਲੇ ਲਏ ਹਨ ਅਤੇ ਅਜਿਹਾ ਕਰਨਾ ਜਾਰੀ ਰੱਖਾਂਗੇ।
ਦਾਹੇਜ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਅਰਥਸ਼ਾਸਤਰੀ ਇਸ ਗੱਲ 'ਤੇ ਸਹਿਮਤ ਹਨ ਕਿ ਅਰਥਵਿਵਸਥਾ ਦੀ ਨੀਂਹ ਮਜ਼ਬੂਤ ਹੈ। ਅਸੀਂ ਅਰਥਵਿਵਸਥਾ ਲਈ ਸਖਤ ਫੈਸਲੇ ਲਏ ਹਨ। ਸਰਕਾਰੀ ਖਜ਼ਾਨੇ ਦੀ ਸਥਿਰਤਾ ਨੂੰ ਕਾਇਮ ਰੱਖਦੇ ਹੋਏ ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ।
ਪਿਛਲੀ ਕਾਂਗਰਸ ਵਾਲੀ ਸਰਕਾਰ 'ਤੇ ਲੁਕਵੇਂ ਢੰਗ ਨਾਲ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੇ ਜਲ ਮਾਰਗਾਂ ਦੇ ਸਸਤਾ ਹੋਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਦੌਰਾਨ ਆਜ਼ਾਦੀ ਮਗਰੋਂ ਦੇਸ਼ 'ਚ ਸਿਰਫ 5 ਜਲ ਮਾਰਗ ਸਨ। ਬੰਦਰਗਾਹ ਅਤੇ ਸਰਕਾਰੀ ਕੰਪਨੀਆਂ ਘਾਟੇ 'ਚ ਚੱਲ ਰਹੀਆਂ ਸਨ। ਹੁਣ ਸਾਡੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਹਾਲਾਤ 'ਚ ਸੁਧਾਰ ਆ ਰਿਹਾ ਹੈ। ਮੋਦੀ ਨੇ ਕਿਹਾ ਕਿ ''ਇਹ ਸਾਰੇ ਯਤਨ ਦੇਸ਼ ਨੂੰ 21ਵੀਂ ਸਦੀ ਦੀ ਟਰਾਂਸਪੋਰਟ ਪ੍ਰਣਾਲੀ ਮੁਹੱਈਆ ਕਰਨਗੇ ਜੋ 'ਨਿਊ ਇੰਡੀਆ' ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਹੋਵੇਗਾ''।
ਪ੍ਰਧਾਨ ਮੰਤਰੀ ਨੇ 45 ਮਿੰਟ ਤੋਂ ਵੱਧ ਭਾਸ਼ਣ 'ਚ ਆਪਣੇ ਮੁੱਖ ਮੰਤਰੀ ਵਜੋਂ ਕਾਰਜ ਕਾਲ ਅਤੇ ਭਾਜਪਾ ਸਰਕਾਰ ਦੇ ਕਾਰਜਕਾਲ 'ਚ ਗੁਜਰਾਤ ਦੇ ਵਿਕਾਸ ਦੀ ਦਿਸ਼ਾ 'ਚ ਕੀਤੇ ਗਏ ਕਾਰਜਾਂ ਦਾ ਲੜੀਵਾਰ ਵੇਰਵਾ ਦਿੱਤਾ। ਉਨ੍ਹਾਂ ਵੱਖ-ਵੱਖ ਖੇਤਰਾਂ 'ਚ ਭਾਜਪਾ ਸਰਕਾਰ ਦੀ ਵਿਕਾਸ ਪਹਿਲ ਨੂੰ ਆਪਣੇ ਸੰਬੋਧਨ ਦੇ ਕੇਂਦਰ 'ਚ ਰੱਖਿਆ ਅਤੇ ਇਸ ਫੈਰੀ ਸਰਵਿਸ ਨੂੰ ਦੂਜੇ ਸੂਬਿਆਂ ਲਈ ਰੋਲ ਮਾਡਲ ਦੱਸਿਆ। ਉਨ੍ਹਾਂ ਕਿਹਾ ਕਿ ਸੂਬਾ ਅਤੇ ਉਨ੍ਹਾਂ ਦੀ ਕੇਂਦਰ ਸਰਕਾਰ ਦੀ ਪਹਿਲ ਨਾਲ ਸੂਬੇ ਦੇ ਵਿਕਾਸ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ। ਮੋਦੀ ਨੇ ਕਿਹਾ ਕਿ ਪਿਛਲੇ 15 ਸਾਲਾਂ 'ਚ ਗੁਜਰਾਤ ਨੇ ਆਪਣੀਆਂ ਬੰਦਰਗਾਹਾਂ ਦੀ ਸਮਰੱਥਾ 'ਚ 4 ਗੁਣਾ ਵਾਧਾ ਕੀਤਾ ਹੈ। ਗੁਜਰਾਤ ਦਾ ਸਮੁੰਦਰੀ ਮਾਰਗ ਜੰਗੀ ਮਹੱਤਵ ਵਾਲਾ ਹੈ ਜਿੱਥੋਂ ਦੁਨੀਆ ਦੇ ਕਿਸੇ ਦੂਸਰੇ ਇਲਾਕੇ 'ਚ ਜਾਣਾ ਸਸਤਾ ਅਤੇ ਆਸਾਨ ਹੈ।
