'ਆਪ' ਤੋਂ 'ਝਾੜੂ' ਖੋਹਣ ਦੀ ਤਿਆਰੀ 'ਚ ਚੋਣ ਕਮਿਸ਼ਨ, ਕੀਤਾ ਨੋਟਿਸ ਜਾਰੀ

Tuesday, Sep 11, 2018 - 10:35 PM (IST)

ਜਲੰਧਰ— ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਚੋਣਾਂ ਦੇ ਚੰਦੇ ਦੀ ਜਾਣਕਾਰੀ 'ਚ ਪਾਰਦਰਸ਼ਤਾ ਨਾ ਵਰਤਣ ਦਾ ਦੋਸ਼ੀ ਪਾਉਂਦੇ ਹੋਏ ਪਾਰਟੀ ਨੂੰ 20 ਦਿਨ 'ਚ ਇਸ 'ਤੇ ਸਥਿਤੀ ਸਪੱਸ਼ਟ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਚੋਣ ਕਮਿਸ਼ਨ ਵਲੋਂ ਜਾਰੀ ਨੋਟਿਸ 'ਚ ਕਮਿਸ਼ਨ ਨੇ ਪਾਰਟੀ ਤੋਂ ਪੁੱਛਿਆ ਹੈ ਕਿ ਕਿਉਂ ਨਾ ਚੰਦੇ ਦੀ ਜਾਣਕਾਰੀ ਲੁਕਾਉਣ ਦੇ ਦੋਸ਼ 'ਚ ਪਾਰਟੀ ਨੂੰ ਜਾਰੀ ਕੀਤਾ ਗਿਆ ਚੋਣ ਚਿੰਨ੍ਹ ਵਾਪਸ ਲੈ ਲਿਆ ਜਾਵੇ।

ਨੋਟਿਸ 'ਚ ਕਮਿਸ਼ਨ ਨੇ ਲਿੱਖਿਆ ਹੈ ਕਿ ਪਾਰਟੀ ਵਲੋਂ ਇਸ ਸਬੰਧ 'ਚ ਨੋਟਿਸ ਦੇ ਜਵਾਬ 'ਚ ਦਿੱਤੇ ਜਾਣ ਵਾਲੇ ਤੱਥਾਂ ਤੇ ਰਿਕਾਰਡ ਦੇ ਆਧਾਰ 'ਤੇ ਹੀ ਕਮਿਸ਼ਨ ਅਗਲਾ ਫੈਸਲਾ ਲਵੇਗਾ। ਅਸਲ 'ਚ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ 30 ਸਤੰਬਰ 2015 ਨੂੰ ਵਿੱਤੀ ਸਾਲ 2014-15 ਦੇ ਚੰਦੇ ਦੀ ਰਿਪੋਰਟ ਜਮ੍ਹਾ ਕਰਵਾਈ ਸੀ। ਇਸ ਤੋਂ ਬਾਅਦ ਪਾਰਟੀ ਨੇ ਚੰਦੇ 'ਚ ਸੋਧ ਦੀ ਰਿਪੋਰਟ 20 ਮਾਰਚ 2017 ਨੂੰ ਜਮ੍ਹਾ ਕਰਵਾਈ ਸੀ। ਪਹਿਲਾਂ ਜਮ੍ਹਾ ਕਰਵਾਈ ਗਈ ਰਿਪੋਰਟ 'ਚ ਪਾਰਟੀ ਨੇ 2696 ਲੋਕਾਂ ਤੋਂ 37 ਕਰੋੜ 45 ਲੱਖ 44 ਹਜ਼ਾਰ 618 ਰੁਪਏ ਚੰਦੇ ਦੇ ਰੂਪ 'ਚ ਮਿਲਣ ਦੀ ਗੱਲ ਕਹੀ ਸੀ ਜਦਕਿ ਸੋਧ ਰਿਪੋਰਟ 'ਚ ਪਾਰਟੀ ਨੇ ਦਾਨੀਆਂ ਦੀ ਗਿਣਤੀ ਵਧਾ ਕੇ 8264 ਕਰ ਦਿੱਤੀ ਤੇ ਦਾਨ ਦੇ ਰੂਪ 'ਚ ਮਿਲੀ ਰਾਸ਼ੀ ਨੂੰ 37 ਕਰੋੜ 60 ਲੱਖ 62 ਹਜ਼ਾਰ 631 ਰੁਪਏ ਦੱਸਿਆ ਗਿਆ।

ਇਸ ਤੋਂ ਬਾਅਦ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ (ਸੀਬੀਡੀਸੀ) ਵਲੋਂ 5 ਜਨਵਰੀ 2018 ਨੂੰ ਚੋਣ ਕਮਿਸ਼ਨ ਨੂੰ ਦਿੱਤੀ ਗਈ 'ਆਪ' ਦੀ ਵਿੱਤ ਸਾਲ 2014-15 ਦੀ ਰਿਪੋਰਟ 'ਚ 13.16 ਕਰੋੜ ਰੁਪਏ ਦੇ ਚੰਦੇ ਦੀ ਰਾਸ਼ੀ 'ਚ ਗੜਬੜੀ ਦਾ ਪਤਾ ਲੱਗਿਆ। ਰਿਪੋਰਟ 'ਚ ਲਿੱਖਿਆ ਗਿਆ ਹੈ ਕਿ 'ਆਪ' ਨੇ ਪਾਰਟੀ ਦੇ ਬੈਂਕ ਖਾਤੇ 'ਚ 67.67 ਕਰੋੜ ਰੁਪਏ ਹੋਣ ਦੀ ਜਾਣਕਾਰੀ ਦਿੱਤੀ ਹੈ, ਜਿਸ 'ਚੋਂ 64.44 ਕਰੋੜ ਰੁਪਏ ਚੰਦੇ ਦੀ ਰਕਮ ਦੱਸੀ ਗਈ ਹੈ ਜਦਕਿ ਪਾਰਟੀ ਨੇ ਵਿੱਤ ਸਾਲ ਦੇ ਆਪਣੇ ਆਡਿਟ ਰਿਪੋਰਟ 'ਚ ਪਾਰਟੀ ਦੀ ਕੁੱਲ ਇਨਕਮ 54.15 ਕਰੋੜ ਰੁਪਏ ਦੱਸੀ ਹੈ। ਲਿਹਾਜ਼ਾ ਇਸ 'ਤੋਂ 13.16 ਕਰੋੜ ਰੁਪਏ ਦਾ ਹਿਸਾਬ ਨਹੀਂ ਮਿਲ ਰਿਹਾ ਹੈ।

ਇਸ ਰਿਪੋਰਟ 'ਚ ਪਾਰਟੀ ਨੂੰ ਹਵਾਲਾ ਰਾਹੀਂ 2 ਕਰੋੜ ਰੁਪਏ ਮਿਲਣ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ ਹੈ। ਇਹ ਰਾਸ਼ੀ ਵੀ ਪਾਰਟੀ ਨੇ ਚੋਣਾਂ ਦੇ ਚੰਦੇ ਦੇ ਰੂਪ 'ਚ ਦਿਖਾਈ ਹੈ। ਇਸ ਤੋਂ ਇਲਾਵਾ ਪਾਰਟੀ ਨੇ ਆਪਣੀ ਵੈੱਬਸਾਈਟ 'ਤੇ ਵੀ ਚੋਣਾਂ ਦੇ ਚੰਦੇ ਨੂੰ ਲੈ ਕੇ ਗਲਤ ਜਾਣਕਾਰੀ ਦਿੱਤੀ ਹੈ ਤੇ ਇਹ ਰਿਪ੍ਰਿਜ਼ੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 29 ਸੀ ਦਾ ਉਲੰਘਣ ਹੈ।


Related News