ਲੱਦਾਖ ’ਚ ਪਿਛਲੇ ਦਿਨੀਂ ਆਏ ਭੂਚਾਲ ਕਾਰਨ 800 ਸਾਲ ਪੁਰਾਣੇ ‘ਕਾਰਸ਼ਾ ਮੱਠ’ ਵਿਚ ਆਈਆਂ ਤ੍ਰੇੜਾਂ
Thursday, Dec 21, 2023 - 01:00 PM (IST)
ਕਾਰਗਿਲ/ਜੰਮੂ, (ਭਾਸ਼ਾ)– ਲੱਦਾਖ ਦੇ ਜੰਸਕਾਰ ਖੇਤਰ ਵਿਚ 800 ਸਾਲ ਤੋਂ ਵੱਧ ਪੁਰਾਣੇ ਮੱਠ ’ਚ ਪਿਛਲੇ ਦਿਨੀਂ ਆਏ ਭੂਚਾਲ ਤੋਂ ਬਾਅਦ ਤ੍ਰੇੜਾਂ ਆ ਗਈਆਂ ਅਤੇ ਇਸ ਨੂੰ ਅਸੁਰੱਖਿਅਤ ਐਲਾਨ ਕਰ ਦਿੱਤਾ ਗਿਆ। ਸ਼ਨੀਵਾਰ ਨੂੰ ਕਾਰਗਿਲ ਜ਼ਿਲੇ ਦੇ ਜੰਸਕਾਰ ਵਿਚ 5.5 ਤੀਬਰਤਾ ਦਾ ਭੂਚਾਲ ਆਇਆ ਸੀ ਅਤੇ ਉਸ ਤੋਂ ਬਾਅਦ ਘੱਟ ਤੀਬਰਤਾ ਦੇ 2 ਝਟਕੇ ਆਏ ਸਨ।
ਤਹਿਸੀਲਦਾਰ (ਜੰਸਕਾਰ) ਸੋਨਮ ਦੋਰਜਯ ਦੀ ਅਗਵਾਈ ਵਿਚ ਇਕ ਸਰਕਾਰੀ ਟੀਮ ਨੇ ਭੂਚਾਲ ਪ੍ਰਭਾਵਿਤ ਖੇਤਰਾਂ ਦਾ ਨਿਰੀਖਣ ਕੀਤਾ, ਜਿਸ ਵਿਚ ਕਾਰਸ਼ਾ ਮੱਠ ਦਾ 800 ਸਾਲ ਪੁਰਾਣਾ ਮੁੱਖ ਲਾਖਾਂਗ (ਗਾਰਡ ਰੂਮ) ਵੀ ਸ਼ਾਮਲ ਹੈ। ਭੂਚਾਲ ਕਾਰਨ ਮੱਠ ’ਚ ਤ੍ਰੇੜਾਂ ਪੈ ਗਈਆਂ ਅਤੇ ਟੀਮ ਨੇ ਇਸ ਸਥਾਨ ਨੂੰ ਪ੍ਰਾਰਥਨਾ ਅਤੇ ਇਕੱਠ ਕਰਨ ਲਈ ਅਸੁਰੱਖਿਅਤ ਐਲਾਨ ਕਰਨ ਦਾ ਫੈਸਲਾ ਕੀਤਾ। ਟੀਮ ਨੇ ਮੱਠ ਦੇ ਭਿਕਸ਼ੂਆਂ ਨੂੰ ਪ੍ਰਭਾਵਿਤ ਲਾਖਾਂਗ ’ਚ ਦਾਖਲੇ ’ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ।