ਈ-ਰਿਕਸ਼ਾ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, 2 ਦੀ ਮੌਤ, 1 ਜ਼ਖ਼ਮੀ
Thursday, Mar 09, 2023 - 05:51 PM (IST)
ਗੰਨੌਰ- ਘਰ ਜਾ ਰਹੇ ਈ-ਰਿਕਸ਼ਾ ਚਾਲਕ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਈ-ਰਿਕਸ਼ਾ ਚਾਲਕ ਅਤੇ ਉਸ ਵਿਚ ਬੈਠੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਗੰਨੌਰ ਸਮੁਦਾਇਕ ਸਿਹਤ ਕੇਂਦਰ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰ ਨੇ ਈ-ਰਿਕਸ਼ਾ ਚਾਲਕ ਰਾਜੂ ਅਤੇ ਅਸ਼ੋਕ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਇਕ ਜ਼ਖ਼ਮੀ ਨੂੰ ਖਾਨਪੁਰ ਮੈਡੀਕਲ ਰੈਫਰ ਕਰ ਦਿੱਤਾ। ਮ੍ਰਿਤਕ ਦੇ ਭਰਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ।
ਸ਼ਿਕਾਇਤ 'ਚ ਵਾਰਡ ਨੰਬਰ 2 ਗਾਂਧੀਨਗਰ ਨਿਵਾਸੀ ਸੰਦੀਪ ਨੇ ਦੱਸਿਆ ਕਿ ਉਸਦੇ ਤਾਏ ਦਾ ਮੁੰਡਾ ਰਾਜੂ ਈ-ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਉਹ ਨਮਸਤੇ ਚੌਂਕ ਤੋਂ ਆਪਣੇ ਘਰ ਜਾ ਰਿਹਾ ਸੀ। ਉਹ ਈ-ਰਿਕਸ਼ਾ ਦੇ ਪਿੱਛੇ ਆਪਣੇ ਮੋਟਰਸਾਈਕਲ 'ਤੇ ਚੱਲ ਰਿਹਾ ਸੀ ਅਤੇ ਉਸਦੇ ਈ-ਰਿਕਸ਼ਾ 'ਚ ਅਸ਼ੋਕ ਅਤੇ ਵਰਿੰਦਰ ਬੈਠੇ ਸਨ। ਜਦੋਂ ਉਹ ਬੀ.ਐੱਸ.ਟੀ. ਮੋਡ 'ਤੇ ਪਹੁੰਚਿਆ ਤਾਂ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸਦੇ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਰਿਕਸ਼ਾ ਪਲਟ ਗਿਆ ਅਤੇ ਰਿਕਸ਼ੇ 'ਚ ਬੈਠਾ ਉਸਦਾ ਭਰਾ ਅਤੇ ਦੋਵੇਂ ਵਿਅਕਤੀ ਜ਼ਖ਼ਮੀ ਹੋ ਗਏ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਉਸਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਜ਼ਿੱਥੇ ਡਾਕਟਰਾਂ ਨੇ ਉਸਦੇ ਭਰਾ ਰਾਜੂ ਅਤੇ ਅਸ਼ੋਕ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਵਰਿੰਦਰ ਨੂੰ ਖਾਨਪੁਰ ਮੈਡੀਕਲ ਰੈਫਰ ਕਰ ਦਿੱਤਾ। ਥਾਣਾ ਇੰਚਾਰਜ ਰਵੀ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।