ਕਿਸਾਨ ਅੰਦੋਲਨ ਦਰਮਿਆਨ PM ਮੋਦੀ ਨੂੰ ਮਿਲੇ ਦੁਸ਼ਯੰਤ ਚੌਟਾਲਾ

Wednesday, Jan 13, 2021 - 06:06 PM (IST)

ਕਿਸਾਨ ਅੰਦੋਲਨ ਦਰਮਿਆਨ PM ਮੋਦੀ ਨੂੰ ਮਿਲੇ ਦੁਸ਼ਯੰਤ ਚੌਟਾਲਾ

ਨਵੀਂ ਦਿੱਲੀ/ਹਰਿਆਣਾ— ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਕਿਸਾਨ ਅੰਦੋਲਨ ਦਾ ਅਸਰ ਹੁਣ ਹਰਿਆਣਾ ਦੀ ਸਿਆਸਤ ’ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਤਮਾਮ ਤਰ੍ਹਾਂ ਦੀਆਂ ਕਿਆਸਰਾਈਆਂ ਦਰਮਿਆਨ ਦੁਸ਼ਯੰਤ ਚੌਟਾਲਾ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕਰੀਬ ਡੇਢ ਘੰਟੇ ਚੱਲੀ ਇਸ ਮੁਲਾਕਾਤ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਗੱਲਬਾਤ ਹੋਈ। ਇਸ ਤੋਂ ਇਲਾਵਾ ਚੌਟਾਲਾ ਨੇ ਟੈਕਸਟਾਈਲ ਹੱਬ, ਏਅਰਪੋਰਟ, ਈਸਟ ਵੈਸਟ ਕੋਰੀਡੋਰ, ਰੇਲ ਮਾਰਗਾਂ ’ਤੇ ਵੀ ਗੱਲ ਕੀਤੀ।

ਇਸ ਮੁਲਾਕਾਤ ਮਗਰੋਂ ਸਰਕਾਰ ’ਤੇ ਖ਼ਤਰੇ ਦੀਆਂ ਚਰਚਾਵਾਂ ’ਤੇ ਦੁਸ਼ਯੰਤ ਚੌਟਾਲਾ ਨੇ ਸਫਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ’ਚ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ। ਦੱਸ ਦੇਈਏ ਕਿ ਚੌਟਾਲਾ ਹਰਿਆਣਾ ਵਿਚ ਭਾਜਪਾ ਅਗਵਾਈ ਵਾਲੀ ਸਰਕਾਰ ’ਚ ਗਠਜੋੜ ਸਾਂਝੇਦਾਰ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ ਨੇਤਾ ਹਨ। ਅਜਿਆ ਮੰਨਿਆ ਜਾ ਰਿਹਾ ਹੈ ਕਿ ਜੇ. ਜੇ. ਪੀ. ਦੇ ਕੁਝ ਵਿਧਾਇਕਾਂ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਦਬਾਅ ਵਿਚ ਹਨ।

ਦੱਸ ਦੇਈਏ ਕਿ ਬੀਤੇ ਕੱਲ੍ਹ ਸਰਕਾਰ ਡਿਗਾਉਣ ਦੀਆਂ ਅਟਕਲਾਂ ’ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਆਪਣੀ ਸਫਾਈ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਹਰਿਆਣਾ ਵਿਚ ਸਿਆਸੀ ਮਾਹੌਲ ਠੀਕ ਹੈ, ਜੋ ਵੀ ਸਿਆਸੀ ਅਟਕਲਾਂ ਲਾਈਆਂ ਜਾ ਰਹੀਆਂ ਹਨ, ਉਨ੍ਹਾਂ ’ਚ ਕੋਈ ਦਮ ਨਹੀਂ ਹੈ। ਸਾਡੀ ਸਰਕਾਰ ਚੰਗੇ ਢੰਗ ਨਾਲ ਚੱਲ ਰਹੀ ਹੈ ਅਤੇ ਇਹ ਕਾਰਜਕਾਲ ਪੂਰਾ ਕਰੇਗੀ। ਕੱਲ੍ਹ ਖੱਟੜ ਅਤੇ ਚੌਟਾਲਾ ਸਮੇਤ ਹੋਰ ਮੰਤਰੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਗੱਲਬਾਤ ਦੌਰਾਨ ਕਿਸਾਨ ਅੰਦੋਲਨ ਅਤੇ ਗਣਤੰਤਰ ਦਿਵਸ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣ ’ਤੇ ਵਿਚਾਰ ਕੀਤਾ ਗਿਆ ਸੀ।


author

Tanu

Content Editor

Related News