ਕੁੰਭ ਮੇਲੇ ਦੌਰਾਨ ਬਸੰਤ ਪੰਚਮੀ ਮੌਕੇ 2 ਕਰੋੜ ਸ਼ਰਧਾਲੂਆਂ ਨੇ ਲਗਾਈ ਸੰਗਮ ’ਚ ਡੁੱਬਕੀ

Monday, Feb 11, 2019 - 12:39 AM (IST)

ਕੁੰਭ ਮੇਲੇ ਦੌਰਾਨ ਬਸੰਤ ਪੰਚਮੀ ਮੌਕੇ 2 ਕਰੋੜ ਸ਼ਰਧਾਲੂਆਂ ਨੇ ਲਗਾਈ ਸੰਗਮ ’ਚ ਡੁੱਬਕੀ

ਪ੍ਰਯਾਗਰਾਜ, (ਭਾਸ਼ਾ)-ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਸ਼ਾਮ ਤੱਕ ਲੱਗਭਗ 2 ਕਰੋੜ ਸ਼ਰਧਾਲੂਆਂ ਨੇ ਬਸੰਤ ਪੰਚਮੀ ’ਤੇ ਸੰਗਮ ਵਿਚ ਡੁੱਬਕੀ ਲਾਈ। ਕੁੰਭ ਮੇਲੇ ਦਾ ਐਤਵਾਰ ਨੂੰ ਤੀਸਰਾ ਅਤੇ ਆਖਰੀ ਸ਼ਾਹੀ ਇਸ਼ਨਾਨ ਸੀ । ਤੜਕੇ 2 ਵਜੇ ਤੋਂ ਪਹਿਲਾਂ ਕਈ ਸ਼ਰਧਾਲੂ ਮੇਲੇ ਵਾਲੇ ਇਲਾਕੇ ਵਿਚੋਂ ਬਾਹਰ ਨਿਕਲਦੇ ਅਤੇ ਆਪੋ ਆਪਣੀਆਂ ਮੰਜ਼ਲਾਂ ਤੱਕ ਜਾਣ ਲਈ ਵਾਹਨ ਦੀ ਭਾਲ ਕਰਦੇ ਦੇਖੇ ਗਏ।

ਸ਼ਰਧਾਲੂ ਵੱਖ-ਵੱਖ ਥਾਵਾਂ ’ਤੇ ਸੈਲਫੀ ਲੈਂਦੇ ਹੋਏ ਵੀ ਦੇਖੇ ਗਏ। ਵਿਜੇ ਕਿਰਨ ਆਨੰਦ ਨੇ ਕਿਹਾ ਕਿ ਲਗਭਗ 50 ਲੱਖ ਸ਼ਰਧਾਲੂਆਂ ਨੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇਸ਼ਨਾਨ ਕਰ ਲਿਆ। ਮੇਲਾ ਪ੍ਰਸ਼ਾਸਨ ਅਨੁਸਾਰ ਅਜੇ ਤੱਕ 14.94 ਕਰੋੜ ਸ਼ਰਧਾਲੂ ਕੁੰਭ ਮੇਲੇ ਵਿਚ ਆ ਚੁੱਕੇ ਹਨ।

ਸਟੈਚੂ ਆਫ ਲਿਬਰਟੀ ਦੀ ਮੁਦਰਾ ਚ ਖੜ੍ਹੇ ਹਨ ਸਾਧੂ

PunjabKesari

ਸੰਗਮ ’ਤੇ ਚੱਲ ਰਹੇ ਪ੍ਰਯਾਗ ਮੇਲੇ ’ਚ ਅਵਧੂਤ ਅਤੇ ਹੋਰ ਸਾਧੂ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਨ੍ਹਾਂ ’ਚੋਂ ਕੁਝ ਸਾਧੂ ਅਜਿਹੇ ਵੀ ਹਨ, ਜੋ ਸਟੈਚੂ ਆਫ ਲਿਬਰਟੀ ਵਾਂਗ ਅਸਮਾਨ ਵਲ ਉਂਗਲੀ ਨਾਲ ਇਸ਼ਾਰਾ ਕਰਦੇ ਖੜ੍ਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਪਿਛਲੇ 8 ਸਾਲਾਂ ਤੋਂ ਇਸੇ ਮੁਦਰਾ ’ਚ ਖੜ੍ਹੇ ਹਨ।

ਖਿੱਚ ਦਾ ਕੇਂਦਰ ਬਣਿਆ ਸਭ ਤੋਂ ਵੱਡਾ ਬੀਜ

ਕੁੰਭ ਮੇਲੇ 'ਚ ਡੁੱਬਕੀ ਲਾਉਣ ਪਹੁੰਚੇ ਅਣਗਿਣਤ ਸ਼ਰਧਾਲੂਆਂ ਨੂੰ ਧਰਮ ਨਗਰੀ ਵਿਚ ਕਈ ਤਰ੍ਹਾਂ ਦੇ ਦ੍ਰਿਸ਼ ਆਪਣੇ ਵਲ ਖਿੱਚ ਰਹੇ ਹਨ। ਮੇਲੇ ਦੇ ਇਲਾਕੇ ’ਚ ਵਾਤਾਵਰਣ ਮੰਤਰਾਲਾ ਦਾ ਪੰਡਾਲ ਹੈ ਜਿਥੇ ਲੋਕ ਦੁਨੀਆ ਦਾ ਸਭ ਤੋਂ ਵੱਡਾ ਬੀਜ ਦੇਖਣ ਆ ਰਹੇ ਹਨ। ਇਸ ਪੰਡਾਲ ਵਿਚ ਦਰਿਆਈ ਨਾਰੀਅਲ ਦਾ ਬੀਜ ਸਭ ਤੋਂ ਵੱਡਾ ਬੀਜ ਹੈ, ਜਿਸ ਦਾ ਭਾਰ 30 ਕਿਲੋਗ੍ਰਾਮ ਹੈ। ਸਭ ਤੋਂ ਵੱਡੇ ਬੀਜ ਤੋਂ ਇਲਾਵਾ ਅਤਿਸੂਖਮ ਬੀਜ ਵੀ ਪ੍ਰਦਰਸ਼ਿਤ ਕੀਤਾ ਗਿਆ, ਜੋ ਆਰਕਿਡ ਦਾ ਬੀਜ ਹੈ ਅਤੇ ਇਹ 799 ਮਾਈਕਰਾਨ ਦਾ ਹੈ। ਇਸ ਨੂੰ ਮਾਈਕ੍ਰੋਸਕੋਪ ਨਾਲ ਹੀ ਦੇਖਿਆ ਜਾ ਸਕਦਾ ਹੈ। ਪੰਡਾਲ ਦੀ ਦੂਜੀ ਖਿੱਚ ਦੁਨੀਆ ਦੇ ਸਭ ਤੋਂ ਵੱਡੇ ਰੁੱਖ ਦੀ ਤਸਵੀਰ ਹੈ। ਇਹ ਰੁੱਖ ਭਾਰਤ ਵਿਚ ਹੀ ਕੋਲਕਾਤਾ ਦੇ ਇਕ ਬਾਗ ਵਿਚ ਮੌਜੂਦ ਹੈ ਜਿਸ ਦੀ ਗੋਲਾਈ 1.08 ਕਿਲੋਮੀਟਰ ਹੈ।

13 ਫਰਵਰੀ ਤੱਕ ਚੱਲੇਗਾ ਸ਼ਤਮੁੱਖ ਕੋਟਿ ਮਹਾਯੱਗ

PunjabKesari

ਅਖਿਲ ਭਾਰਤੀ ਵਰਸ਼ੀ ਧਰਮ ਸੰਘ ਅਤੇ ਸਵਾਮੀ ਕਰਪਾਤਰੀ ਫਾਊਂਡੇਸ਼ਨ ਵੱਲੋਂ 6 ਫਰਵਰੀ ਤੋਂ ਸ਼ਤਮੁੱਖ ਕੋਟਿ ਗਾਇਤਰੀ ਮਹਾਯੱਗ ਚੱਲ ਰਿਹਾ ਹੈ। ਇਹ ਆਯੋਜਨ 13 ਫਰਵਰੀ ਤੱਕ ਚੱਲੇਗਾ । ਗਾਇਤਰੀ ਮਹਾਯੱਗ ਨੂੰ ਸਮਰੱਥ ਤ੍ਰਯੰਬਕੇਸ਼ਵਰ ਚੈਤਨਯ ਜੀ ਮਹਾਰਾਜ ਜੀ ਦੀ ਪ੍ਰਧਾਨਗੀ ਹੇਠ ਵੱਖ ਵੱਖ ਸ਼ਹਿਰਾਂ ਤੋਂ ਆਏ ਬ੍ਰਾਹਮਣ ਕਰਵਾ ਰਹੇ ਹਨ। ਗੁਰਦੇਵ ਡਾ. ਗੁਣਪ੍ਰਕਾਸ਼ ਚੈਤਨਯ ਮਹਾਰਾਜ ਸ੍ਰੀਮਦ ਭਾਗਵਤ ਕਥਾ ਸੁਣਾ ਰਹੇ ਹਨ। ਇਸ ਤੋਂ ਇਲਾਵਾ ਕੈਂਪ ਵਿਚ ਅਤੁੱਟ ਭੰਡਾਰਾ ਵੀ ਚੱਲ ਰਿਹਾ ਹੈ।

ਦੁਨੀਆ ਦੇ ਕਿਸੇ ਦੇਸ਼ ਵਿਚ ਨਹੀਂ ਉਮੜਦਾ ਆਸਥਾ ਦਾ ਅਜਿਹਾ ਜਨਸੈਲਾਬ : ਗਿਰੀ

PunjabKesari

ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਾ ਨਾਥ ਨੂੰ ਧਾਰਮਿਕ ਆਯੋਜਨ ਦੀ ਸਫਲਤਾ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ’ਚ ਅਜਿਹਾ ਕੋਈ ਅਧਿਆਤਮਕ ਅਤੇ ਧਾਰਮਿਕ ਪੁਰਬ ਨਹੀਂ ਹੈ, ਜਿਥੇ ਕਰੋੜਾਂ ਦੀ ਗਿਣਤੀ ’ਚ ਸ਼ਰਧਾਲੂ ਇਕੱਠੇ ਹੋ ਕੇ ਪਵਿੱਤਰ ਨਦੀਆਂ ਜਾਂ ਸਰੋਵਰ ’ਚ ਇਸ਼ਨਾਨ ਕਰਦੇ ਹੋਣ। ਉਨ੍ਹਾਂ ਕਿਹਾ ਕਿ ਯੋਗੀ ਇਸ ਆਯੋਜਨ ਲਈ ਵਧਾਈ ਦੇ ਪਾਤਰ ਹਨ।

ਸ਼ਰਧਾਲੂਆਂ ਦੀ ਅਕਸ਼ੈ ਵਟ ਦੇਖਣ ਦੀ ਆਸ ਰਹੀ ਅਧੂਰੀ

ਤੀਸਰੇ ਅਤੇ ਅੰਤਿਮ ਸ਼ਾਹੀ ਇਸ਼ਨਾਨ ’ਤੇ ਆਸਥਾ ਦੀ ਡੁੱਬਕੀ ਨਾਲ ਤ੍ਰਿਪਤ ਸ਼ਰਧਾਲੂਆਂ ਦੀ ਅਕਸ਼ੈ ਵਟ ਦੇਖਣ ਦੀ ਰੀਝ ਅਧੂਰੀ ਹੀ ਰਹਿ ਗਈ। ਭੀੜ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਦਰਸ਼ਨ ’ਤੇ ਰੋਕ ਲਾਉਣ ’ਤੇ ਸ਼ਰਧਾਲੂ ਮਾਯੂਸ ਹੋ ਗਏ। ਅਕਬਰ ਵੱਲੋਂ ਬਣਵਾਏ ਗਏ ਕਿਲੇ ’ਚ ਸੈਂਕੜੇ ਸਾਲਾਂ ਤੱਕ ਅਕਸ਼ੈ ਵਟ ਕੈਦ ਰਿਹਾ।

 


author

DILSHER

Content Editor

Related News