ਢਿੱਡ ’ਚ ਗੋਲੀ ਵੱਜਣ ਦੇ ਬਾਵਜੂਦ ਡਰਾਈਵਰ ਨੇ 5 ਕਿਲੋਮੀਟਰ ਤੱਕ ਚਲਾਈ ਜੀਪ

Sunday, Dec 08, 2024 - 10:30 AM (IST)

ਆਰਾ- ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿਚ ਜੀਪ ਚਾਲਕ ਸੰਤੋਸ਼ ਸਿੰਘ ਦੀ ਬਹਾਦਰੀ ਦੀ ਕਾਫੀ ਚਰਚਾ ਹੋ ਰਹੀ ਹੈ। ਸੰਤੋਸ਼ ਸਿੰਘ ਨੇ ਦਲੇਰੀ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਢਿੱਡ ਵਿਚ ਗੋਲੀ ਲੱਗਣ ਦੇ ਬਾਵਜੂਦ 5 ਕਿਲੋਮੀਟਰ ਤੱਕ ਜੀਪ ਚਲਾ ਕੇ ਲੁਟੇਰਿਆਂ ਤੋਂ ਸਵਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ।

ਪੁਲਸ ਨੇ ਦੱਸਿਆ ਕਿ ਸੰਤੋਸ਼ ਸਿੰਘ ਇਕ ਤਿਲਕ ਸਮਾਰੋਹ ਤੋਂ ਵਾਪਸ ਆ ਰਿਹਾ ਸੀ ਅਤੇ ਉਸ ਦੀ ਜੀਪ ’ਚ 15 ਦੇ ਕਰੀਬ ਲੋਕ ਸਵਾਰ ਸਨ ਕਿ ਰਸਤੇ ’ਚ ਬਾਈਕ ਸਵਾਰ 2 ਬਦਮਾਸ਼ਾਂ ਨੇ ਪਿੰਡ ਝਾਊਨ ਨੇੜੇ ਗੱਡੀ ਦਾ ਪਿੱਛਾ ਕੀਤਾ ਅਤੇ ਗੋਲੀਆਂ ਚਲਾ ਦਿੱਤੀਆਂ, ਇਕ ਗੋਲੀ ਸੰਤੋਸ਼ ਦੇ ਢਿੱਡ ’ਚ ਲੱਗੀ।

ਸੰਤੋਸ਼ ਸਿੰਘ ਨੇ ਜ਼ਖਮ ਅਤੇ ਦਰਦ ਦੇ ਬਾਵਜੂਦ ਜੀਪ ਨਹੀਂ ਰੋਕੀ ਅਤੇ ਸਵਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਗੱਡੀ ਚਲਾਉਂਦਾ ਰਿਹਾ। ਉਸ ਨੇ ਸੁਰੱਖਿਅਤ ਥਾਂ ’ਤੇ ਪਹੁੰਚ ਕੇ ਹੀ ਜੀਪ ਨੂੰ ਰੋਕਿਆ। ਬਾਅਦ ਵਿਚ ਆਰਾ (ਭੋਜਪੁਰ ਜ਼ਿਲਾ ਹੈੱਡਕੁਆਰਟਰ) ਦੇ ਇਕ ਹਸਪਤਾਲ ਵਿਚ ਸਰਜਰੀ ਤੋਂ ਬਾਅਦ ਸੰਤੋਸ਼ ਸਿੰਘ ਦੇ ਢਿੱਡ ’ਚ ਵੱਜੀ ਗੋਲੀ ਕੱਢ ਦਿੱਤੀ ਗਈ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ।


Tanu

Content Editor

Related News