NCF ਨੇ ਦਿੱਤਾ ਸੁਝਾਅ, ਦੂਜੀ ਜਮਾਤ ਤੱਕ ਨਾ ਹੋਵੇ ਕੋਈ ਲਿਖਤੀ ਪ੍ਰੀਖਿਆ
Saturday, Apr 08, 2023 - 05:14 PM (IST)
ਨਵੀਂ ਦਿੱਲੀ- ਰਾਸ਼ਟਰੀ ਪਾਠਕ੍ਰਮ ਫਰੇਮਵਰਕ (NCF) ਦੇ ਖਰੜੇ ਨੇ ਸੁਝਾਅ ਦਿੱਤਾ ਹੈ ਕਿ ਲਿਖਤੀ ਪ੍ਰੀਖਿਆਵਾਂ ਕਲਾਸ III ਤੋਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਯਾਨੀ ਦੂਜੀ ਜਮਾਤ ਤੱਕ ਕੋਈ ਲਿਖਤੀ ਪ੍ਰੀਖਿਆ ਨਹੀਂ ਹੋਣੀ ਚਾਹੀਦੀ। ਖਰੜੇ ਵਿਚ ਕਿਹਾ ਗਿਆ ਹੈ ਕਿ ਮੁਲਾਂਕਣ ਦਾ ਤਰੀਕਾ ਅਜਿਹਾ ਹੋਣਾ ਚਾਹੀਦਾ ਹੈ ਕਿ ਇਸ ਨਾਲ ਵਿਦਿਆਰਥੀ 'ਤੇ ਵਾਧੂ ਬੋਝ ਨਾ ਪਵੇ। ਇਸ ਖਰੜੇ ਨੂੰ ਕੇਂਦਰ ਸਰਕਾਰ ਸਾਹਮਣੇ ਪੇਸ਼ ਕੀਤਾ ਜਾਵੇਗਾ।
ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) ਮੁਤਾਬਕ ਤਿਆਰ ਕੀਤੀ ਜਾ ਰਹੀ NCF ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੇ ਮੁਲਾਂਕਣ ਲਈ ਦੋ ਮਹੱਤਵਪੂਰਨ ਤਰੀਕਿਆਂ ਜਿਵੇਂ ਕਿ ਬੁਨਿਆਂਦੀ ਪੱਧਰ 'ਤੇ ਬੱਚੇ ਦਾ ਮੁਲਾਂਕਣ ਅਤੇ ਸਿੱਖਣ ਦੌਰਾਨ ਉਸ ਵਲੋਂ ਤਿਆਰ ਕੀਤੀ ਸਮੱਗਰੀ ਦਾ ਵਿਸ਼ਲੇਸ਼ਣ ਅਹਿਮ ਹੈ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਜਮਾਤ II ਤੱਕ ਦੇ ਬੱਚਿਆਂ ਦੇ ਮੁਲਾਂਕਣ ਲਈ ਵਿਸ਼ੇਸ਼ ਟੈਸਟ ਅਤੇ ਪ੍ਰੀਖਿਆਵਾਂ ਪੂਰੀ ਤਰ੍ਹਾਂ ਅਣਉਚਿਤ ਹਨ।
ਖਰੜੇ ਮੁਤਾਬਕ ਸਿੱਖਣ ਦੇ ਨਤੀਜਿਆਂ ਅਤੇ ਸਮਰੱਥਾ ਦੀ ਉਪਲੱਬਧਤਾ ਦਾ ਮੁਲਾਂਕਣ ਕਰਨ ਦੇ ਵੱਖ-ਵੱਖ ਤਰੀਕੇ ਹੋ ਸਕਦੇ ਹਨ। ਅਜਿਹੇ 'ਚ ਅਧਿਆਪਕ ਨੂੰ ਇਕ ਬਰਾਬਰ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਕਿਸਮਾਂ ਦੇ ਢੰਗ ਤਿਆਰ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਢੁਕਵੇਂ ਢੰਗ ਨਾਲ ਵਰਤਣਾ ਚਾਹੀਦਾ ਹੈ। ਵਿਦਿਆਰਥੀਆਂ ਦੀ ਤਰੱਕੀ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਯੋਜਨਾਬੱਧ ਤਰੀਕੇ ਨਾਲ ਸਬੂਤ ਇਕੱਠੇ ਕਰਕੇ ਕੀਤਾ ਜਾਣਾ ਚਾਹੀਦਾ ਹੈ।
ਪੂਰੀ ਸਿੱਖਿਆ ਪ੍ਰਣਾਲੀ ਨੂੰ ਬਦਲਣ ਦੀ ਕਵਾਇਦ
ਸਾਲ 2020 'ਚ ਪੇਸ਼ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ ਦਾ ਉਦੇਸ਼ ਭਾਰਤ 'ਚ ਸਕੂਲੀ ਸਿੱਖਿਆ ਅਤੇ ਉੱਚ ਸਿੱਖਿਆ ਸਮੇਤ ਪੂਰੀ ਸਿੱਖਿਆ ਪ੍ਰਣਾਲੀ ਨੂੰ ਬਦਲਣਾ ਹੈ। ਡਾ. ਕਸਤੂਰੀਰੰਗਨ ਦੀ ਪ੍ਰਧਾਨਗੀ ਹੇਠ ਸਿੱਖਿਆ ਮੰਤਰਾਲੇ ਨੇ NCF ਨੂੰ ਸ਼ੁਰੂ ਕਰਨ ਅਤੇ ਇਸ ਦੇ ਮਾਰਗਦਰਸ਼ਨ ਲਈ ਇਕ ਰਾਸ਼ਟਰੀ ਸੰਚਾਲਨ ਕਮੇਟੀ ਦਾ ਗਠਨ ਕੀਤਾ ਹੈ। ਸਿੱਖਿਆ ਮੰਤਰਾਲੇ ਨੇ ਵੀਰਵਾਰ ਨੂੰ NCF 'ਤੇ ਪ੍ਰੀ-ਡਰਾਫਟ ਜਾਰੀ ਕੀਤਾ ਅਤੇ ਇਸ 'ਤੇ ਵੱਖ-ਵੱਖ ਹਿੱਸੇਦਾਰਾਂ ਤੋਂ ਫੀਡਬੈਕ ਮੰਗੀ ਹੈ। NCF ਨੂੰ ਆਖਰੀ ਵਾਰ 2005 ਵਿਚ ਸੋਧਿਆ ਗਿਆ ਸੀ।