ਦਾਜ ਵੱਡਾ ਸਰਾਪ, ਬੇਕਸੂਰ ਰਿਸ਼ਤੇਦਾਰਾਂ ਨੂੰ ਫਸਾਉਣਾ ਗਲਤ: ਸੁਪਰੀਮ ਕੋਰਟ
Saturday, May 29, 2021 - 03:21 AM (IST)
ਨਵੀਂ ਦਿੱਲੀ - ਦਾਜ ਦੀ ਵਜ੍ਹਾ ਨਾਲ ਔਰਤਾਂ ਦੀ ਮੌਤ ਨੂੰ ਲੈ ਕੇ ਸੁਪਰੀਮ ਕੋਰਟ ਨੇ ਚਿੰਤਾ ਜਤਾਈ ਹੈ ਪਰ ਇਹ ਵੀ ਕਿਹਾ ਦੀ ਦੋਸ਼ੀ ਪਤੀ ਦੇ ਬੇਕਸੂਰ ਰਿਸ਼ਤੇਦਾਰਾਂ ਨੂੰ ਨਾ ਫਸਾਇਆ ਜਾਵੇ। ਇਹ ਮਾਮਲਾ ਸੀ ਹਰਿਆਣਾ ਦੇ ਰਹਿਣ ਵਾਲੇ ਸਤਬੀਰ ਸਿੰਘ, ਉਨ੍ਹਾਂ ਦੀ ਮਾਂ ਅਤੇ ਪਿਤਾ ਦਾ। ਇਨ੍ਹਾਂ ਤਿੰਨਾਂ ਨੂੰ ਹੇਠਲੀ ਅਦਾਲਤ ਨੇ 1997 ਵਿੱਚ ਅਤੇ ਫਿਰ ਹਾਈ ਕੋਰਟ ਨੇ 2008 ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਸੀ। ਇਨ੍ਹਾਂ 'ਤੇ ਦੋਸ਼ ਸੀ ਕਿ ਇਨ੍ਹਾਂ ਲੋਕਾਂ ਨੇ ਸਤਬੀਰ ਸਿੰਘ ਦੀ ਪਤਨੀ ਨੂੰ ਦਾਜ ਲਈ ਇੰਨਾ ਮਜ਼ਬੂਰ ਕੀਤਾ ਕਿ ਉਸਨੇ ਖੁਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ।
ਅੱਜ ਮੁੱਖ ਜੱਜ ਜਸਟਿਸ ਐੱਨ.ਵੀ. ਰਮਨਾ ਨੇ ਹੇਠਲੀ ਅਦਾਲਤ ਅਤੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਨਾਲ ਹੀ ਉਨ੍ਹਾਂ ਨੇ ਆਪਣੇ ਫੈਸਲੇ ਵਿੱਚ ਦਾਜ ਹੱਤਿਆ ਨੂੰ ਲੈ ਕੇ ਚਿੰਤਾ ਜਤਾਈ। ਜਸਟਿਸ ਰਮਨਾ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ ਕਿ 1999 ਤੋਂ ਲੈ ਕੇ 2016 ਤੱਕ ਔਰਤਾਂ ਦੀ ਹੱਤਿਆ ਜਾਂ ਆਤਮ ਹੱਤਿਆ ਦੇ 40 ਤੋਂ 50 ਫੀਸਦੀ ਮਾਮਲੇ ਦਾਜ ਦੀ ਵਜ੍ਹਾ ਨਾਲ ਹੋਏ ਹਨ। 2019 ਦੇ ਅੰਕੜਿਆਂ ਨੂੰ ਵੇਖੀਏ ਤਾਂ 7115 ਔਰਤਾਂ ਦੀ ਹੱਤਿਆ ਜਾਂ ਆਤਮ ਹੱਤਿਆ ਦਾ ਕਾਰਨ ਦਾਜ ਹੈ। ਯਾਨੀ ਦਾਜ ਲਗਾਤਾਰ ਸਾਡੇ ਸਮਾਜ ਵਿੱਚ ਇੱਕ ਵੱਡਾ ਸਰਾਪ ਬਣਿਆ ਹੋਇਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।