ਨਿਤੀਸ਼ ਕੁਮਾਰ ਲਈ ਭਾਜਪਾ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ : ਸ਼ਾਹ
Sunday, Feb 26, 2023 - 01:16 PM (IST)
ਲੌਰੀਆ (ਬਿਹਾਰ), (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਸ਼ ਲਾਇਆ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਨਾਲ ਧੋਖਾ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀਆਂ ਆਪਣੀਆਂ ਇੱਛਾਵਾਂ ਨੂੰ ਅੱਗੇ ਵਧਾਉਣ ਲਈ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਨਾਲ ਗਠਜੋੜ ਕੀਤਾ ਹੈ। ਸ਼ਨੀਵਾਰ ਪੱਛਮੀ ਚੰਪਾਰਨ ਜ਼ਿਲੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਜਨਤਾ ਦਲ (ਯੂ) ਦੇ ਆਗੂ ਨੇ ਬਿਹਾਰ ਨੂੰ ਮੁੜ ‘ਜੰਗਲ ਰਾਜ’ ਵਲ ਧੱਕ ਦਿੱਤਾ ਹੈ।
‘ਆਇਆ ਰਾਮ, ਗਿਆ ਰਾਮ’ ਬਹੁਤ ਹੋ ਗਿਆ ਹੈ। ਨਿਤੀਸ਼ ਕੁਮਾਰ ਲਈ ਭਾਜਪਾ ਦੇ ਦਰਵਾਜ਼ੇ ਹੁਣ ਹਮੇਸ਼ਾ ਲਈ ਬੰਦ ਹੋ ਗਏ ਹਨ। ਗ੍ਰਹਿ ਮੰਤਰੀ, ਜੋ ਭਾਜਪਾ ਦੇ ਮੁੱਖ ਰਣਨੀਤੀਕਾਰ ਮੰਨੇ ਜਾਂਦੇ ਹਨ, ਨੇ ਕਿਹਾ ਕਿ ਨਿਤੀਸ਼ ਅਤੇ ਲਾਲੂ ਬਿਹਾਰ ਨੂੰ ਪਛੜੇਪਣ ਦੇ ਚੱਕਰ ਵਿੱਚੋਂ ਨਹੀਂ ਕੱਢ ਸਕਦੇ। ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਸੂਬੇ ਵਿਚ ਪੂਰਨ ਬਹੁਮਤ ਨਾਲ ਆਪਣੀ ਸਰਕਾਰ ਬਣਾਵੇ।
ਕਰੀਬ ਅੱਧੇ ਘੰਟੇ ਦੇ ਆਪਣੇ ਭਾਸ਼ਣ ਵਿੱਚ ਸ਼ਾਹ ਨੇ ਸਰਜੀਕਲ ਸਟ੍ਰਾਈਕ, ਧਾਰਾ 370 ਨੂੰ ਖਤਮ ਕਰਨ ਅਤੇ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਉੱਤੇ ਪਾਬੰਦੀ ਲਾਉਣ ਤੋਂ ਇਲਾਵਾ ਕਈ ਹੋਰ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।