ਟਰੰਪ ਨੂੰ ਨਾ ਦਿੱਸਣ ਝੁੱਗੀਆਂ, ਗੁਜਰਾਤ ''ਚ ਸੜਕ ਕਿਨਾਰੇ ਖੜ੍ਹੀ ਕੀਤੀ ਜਾ ਰਹੀ ਕੰਧ
Friday, Feb 14, 2020 - 01:58 PM (IST)
ਗੁਜਰਾਤ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮਿਲਾਨੀਆ ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਮਹਿਮਾਨਾਂ ਦੇ ਸਵਾਗਤ 'ਚ ਗੁਜਰਾਤ ਦੇ ਅਹਿਮਦਾਬਾਦ ਨੂੰ ਸਜਾਇਆ ਜਾ ਰਿਹਾ ਹੈ। ਸ਼ਹਿਰ ਨੂੰ ਖੂਬਸੂਰਤ ਦਿਖਾਉਣ ਲਈ ਕਰੋੜਾਂ ਰੁਪਏ ਵੀ ਖਰਚ ਕੀਤੇ ਜਾ ਰਹੇ ਹਨ। ਅਹਿਮਦਾਬਾਦ 'ਚ ਝੁੱਗੀਆਂ ਨੂੰ ਢੱਕਣ ਲਈ ਇਕ ਕੰਧ ਵੀ ਬਣਾਈ ਜਾ ਰਹੀ ਹੈ।
ਝੁੱਗੀਆਂ ਲੁਕਾਉਣ ਲਈ ਕੰਧ ਬਣਾਈ ਜਾ ਰਹੀ ਹੈ
ਟਰੰਪ ਅਤੇ ਵਿਦੇਸ਼ੀ ਮਹਿਮਾਨਾਂ ਨੂੰ ਸੜਕ ਕਿਨਾਰੇ ਬਣੀਆਂ ਝੁੱਗੀਆਂ ਨਾ ਦਿੱਸਣ, ਇਸ ਲਈ ਅਹਿਮਦਾਬਾਦ ਨਗਰ ਨਿਗਮ ਝੁੱਗੀਆਂ ਦੇ ਸਾਹਮਣੇ ਕੰਧ ਖੜ੍ਹੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਅਹਿਮਦਾਬਾਦ ਦੇ ਸਰਦਾਰ ਵਲੱਭ ਭਾਈ ਪਟੇਲ ਕੌਮਾਂਤਰੀ ਏਅਰਪੋਰਟ ਨੂੰ ਇੰਦਰਾ ਬਰਿੱਜ ਨਾਲ ਜੋੜਨ ਵਾਲੀ ਸੜਕ ਦੇ ਕਿਨਾਰੇ ਕਾਫੀ ਝੁੱਗੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਨੂੰ ਲੁਕਾਉਣ ਲਈ ਇਹ ਕੰਧ ਬਣਾਈ ਜਾ ਰਹੀ ਹੈ।
'ਹਾਊਡੀ ਮੋਦੀ' ਦੀ ਤਰ੍ਹਾਂ ਮੈਗਾ ਇਵੈਂਟ ਦੀਆਂ ਤਿਆਰੀਆਂ
ਅਹਿਮਦਾਬਾਦ ਦੀ ਮੇਅਰ ਬਿਜਲ ਪਟੇਲ ਨੇ ਕੰਧ ਬਾਰੇ ਕਿਹਾ,''ਮੈਂ ਕੰਧ ਦੇਖੀ ਹੀ ਨਹੀਂ ਹੈ, ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੈ।'' ਸੂਤਰਾਂ ਅਨੁਸਾਰ ਜਿਸ ਰਸਤੇ 'ਚ ਡੋਨਾਲਡ ਟਰੰਪ ਆਉਣਗੇ, ਉਸ ਪੂਰੇ ਰਸਤੇ 'ਤੇ 50 ਕਰੋੜ ਰੁਪਏ ਖਰਚ ਕੀਤੇ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਪੂਰੇ ਰਸਤੇ 'ਤੇ ਡੇਕੋਰੇਟਿਵ ਲਾਈਟਾਂ ਲਗਾਉਣ ਦਾ ਖਰਚ ਇਕ ਕਰੋੜ ਰੁਪਏ ਦੇ ਨੇੜੇ-ਤੇੜੇ ਆਏਗਾ ਪਰ ਇਸ ਨੂੰ ਲੈ ਫੈਸਲਾ ਹਾਲੇ ਕੀਤਾ ਜਾਣਾ ਹੈ। ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਵੀ ਅਮਰੀਕਾ 'ਚ ਹੋਏ 'ਹਾਊਡੀ ਮੋਦੀ' ਦੀ ਤਰ੍ਹਾਂ ਮੈਗਾ ਇਵੈਂਟ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੀ ਕਾਰ ਪਾਰਕਿੰਗ 'ਚ 3 ਹਜ਼ਾਰ ਕਾਰਾਂ ਅਤੇ 10 ਹਜ਼ਾਰ ਦੋਪਹੀਆ ਦੀ ਪਾਰਕਿੰਗ ਸਮਰੱਥਾ ਹੈ। ਇੱਥੇ ਪਾਵਰ ਜਨਰੇਟਰ ਵੀ ਲਗਾਇਆ ਗਿਆ ਹੈ।