ਟਰੰਪ ਦੇ ਕੋਰੋਨਾ ਪਾਜ਼ੇਟਿਵ ਹੋਣ 'ਤੇ ਭਾਰਤੀ ਪ੍ਰਸ਼ੰਸਕ ਨੇ ਰੱਖਿਆ ਸੀ ਵਰਤ, ਹੋਈ ਮੌਤ
Monday, Oct 12, 2020 - 04:34 PM (IST)
ਤੇਲੰਗਾਨਾ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਹਤ 'ਚ ਸੁਧਾਰ ਨੂੰ ਲੈ ਕੇ ਤੇਲੰਗਾਨਾ ਦੇ ਇਕ ਪ੍ਰਸ਼ੰਸਕ ਨੇ ਵਰਤ ਰੱਖਿਆ ਸੀ। ਬਦਕਿਸਮਤੀ ਨਾਲ ਉਸ ਦੀ ਮੌਤ ਹੋ ਗਈ। ਬੁਸਾ ਕ੍ਰਿਸ਼ਨ ਰਾਜੂ, ਟਰੰਪ ਦੇ ਪ੍ਰਸ਼ੰਸਕ ਸਨ। ਜਦੋਂ ਉਸ ਨੂੰ ਟਰੰਪ ਦੇ ਕੋਰੋਨਾ ਮਹਾਮਾਰੀ ਤੋਂ ਪੀੜਤ ਹੋਣ ਦੀ ਗੱਲ ਪਤਾ ਲੱਗੀ ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ। ਉਨ੍ਹਾਂ ਨੇ ਟਰੰਪ ਲਈ ਵਰਤ ਰੱਖਿਆ, ਪ੍ਰਾਰਥਨਾਵਾਂ ਕੀਤੀਆਂ। ਉਹ ਚਿੰਤਾ ਕਾਰਨ ਸੌਂ ਵੀ ਨਹੀਂ ਸਕਿਆ। ਇਸ ਤੋਂ ਬਾਅਦ ਐਤਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਰਾਜੂ ਦੀ ਮੌਤ ਹੋ ਗਈ।
ਕ੍ਰਿਸ਼ਨ ਰਾਜੂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟਰੰਪ ਦੇ ਕੋਰੋਨਾ ਪਾਜ਼ੇਟਿਵ ਨਿਕਲਣ ਤੋਂ ਬਾਅਦ ਕ੍ਰਿਸ਼ਨ ਹੈਰਾਨ ਹੋ ਗਿਆ ਸੀ। ਰਾਜੂ ਦੇ ਇਕ ਕਰੀਬੀ ਸਹਿਯੋਗੀ ਨੇ ਦੱਸਿਆ ਕਿ ਉਹ ਪਰੇਸ਼ਾਨ ਸੀ। ਕੁਝ ਦਿਨ ਪਹਿਲਾਂ ਹੀ ਉਸ ਨੇ ਇਕ ਵੀਡੀਓ ਬਣਾਈ ਸੀ। ਇਸ ਵੀਡੀਓ ਵਿਚ ਉਸ ਨੇ ਕਿਹਾ ਕਿ ਟਰੰਪ ਮੇਰੇ ਭਗਵਾਨ ਹਨ। ਮੈਂ ਭਗਵਾਨ ਤੋਂ ਟਰੰਪ ਅਤੇ ਉਨ੍ਹਾਂ ਦੀ ਪਤਨੀ ਦੇ ਛੇਤੀ ਨਾਲ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਟਰੰਪ ਦੇ ਛੇਤੀ ਠੀਕ ਹੋਣ ਲਈ ਉਸ ਨੇ ਵਿਸ਼ੇਸ਼ ਪੂਜਾ ਕੀਤੀ। ਕ੍ਰਿਸ਼ਨਾ ਦੇ ਇਕ ਦੋਸਤ ਨੇ ਕਿਹਾ ਕਿ ਉਹ ਰੋਜ਼ਾਨਾ ਟਰੰਪ ਦੀ ਤਸਵੀਰ ਦੀ ਛਪਾਈ ਵਾਲੀ ਟੀ-ਸ਼ਰਟ ਪਹਿਨ ਕੇ ਨਦੀ ਵਿਚ ਇਸ਼ਨਾਨ ਕਰਦਾ ਸੀ। ਉਸ ਨੇ ਪਿਛਲੇ ਸਾਲ ਹੀ ਟਰੰਪ ਦੀ 6 ਫੁੱਟ ਉੱਚਾ ਬੁੱਤ ਵੀ ਬਣਵਾਇਆ ਸੀ ਅਤੇ ਉਨ੍ਹਾਂ ਦੀ ਪੂਜਾ ਕਰਦਾ ਸੀ।
ਦੱਸਣਯੋਗ ਹੈ ਕਿ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਸੀ। ਹਾਲਾਂਕਿ ਟਰੰਪ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਆਰਮੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲਿਆ ਸੀ। ਟਰੰਪ ਪਿਛਲੇ ਹਫ਼ਤੇ ਹੀ ਹਸਪਤਾਲ ਤੋਂ ਵਾਪਸ ਆ ਗਏ ਸਨ।