1971 ''ਚ ਪਾਕਿ ਦੇ ਦੋ ਟੋਟੇ ਹੋਣ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ : ਹੰਸ

05/05/2019 3:35:15 AM

ਨਵੀਂ ਦਿੱਲੀ, (ਇੰਟ)— ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਇਤਿਹਾਸ ਬਾਰੇ ਇਕ ਅਜਿਹਾ ਬਿਆਨ ਦੇ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੋਲ ਕੀਤਾ ਜਾ ਰਿਹਾ ਹੈ। ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹੰਸ ਰਾਜ ਹੰਸ ਨੇ ਇਕ ਟੀ. ਵੀ. ਚੈਨਲ ਨੂੰ ਵੀ ਦਿੱਤੀ ਇੰਟਰਵਿਊ ਦੌਰਾਨ ਮੋਦੀ ਸਰਕਾਰ ਦੀ ਜ਼ੋਰਦਾਰ ਸ਼ਲਾਘਾ ਕੀਤੀ।
ਉਨ੍ਹਾਂ ਇੰਟਰਵਿਊ ਦੌਰਾਨ ਕਿਹਾ ਕਿ ਪਹਿਲਾਂ ਅੱਤਵਾਦੀ ਭਾਰਤ 'ਤੇ ਹਮਲੇ ਕਰਦੇ ਸਨ ਪਰ ਮੋਦੀ ਦੇ ਆਉਣ ਤੋਂ ਬਾਅਦ ਇੰਝ ਨਹੀਂ ਹੋ ਸਕਿਆ। ਐਂਕਰ ਨੇ ਜਦੋਂ ਕਿਹਾ ਕਿ ਪੁਲਵਾਮਾ ਦਾ ਹਮਲਾ ਮੋਦੀ ਸਰਕਾਰ ਦੇ ਸਮੇਂ 'ਚ ਹੋਇਆ ਹੈ ਤਾਂ ਹੰਸ ਨੇ ਕਿਹਾ ਕਿ ਹਮਲਾ ਤਾਂ ਹੋਇਆ ਹੈ ਸਾਡੀ ਫੌਜ ਨੇ ਉਸਦਾ ਢੁਕਵਾਂ ਜਵਾਬ ਵੀ ਦਿੱਤਾ ਹੈ। ਪਹਿਲਾਂ ਇੰਝ ਨਹੀਂ ਹੁੰਦਾ ਸੀ। ਇਸ 'ਤੇ ਐਂਕਰ ਨੇ ਕਿਹਾ ਕਿ ਪਹਿਲਾਂ ਤਾਂ ਪਾਕਿਸਤਾਨ ਦੇ ਟੁਕੜੇ ਤਕ ਹੋ ਗਏ ਸਨ। ਇਸ 'ਤੇ ਹੰਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਪਾਕਿਸਤਾਨ ਦੇ ਟੁਕੜੇ ਕਦੋਂ ਹੋਏ ਸਨ। ਮੈਂ ਤਾਂ ਉਸ ਸਮੇਂ ਛੋਟਾ ਜਿਹਾ ਬੱਚਾ ਸੀ। ਮੈਨੂੰ ਵਧੇਰੇ ਜਾਣਕਾਰੀ ਨਹੀਂ।
ਇਸ 'ਤੇ ਐਂਕਰ ਨੇ ਪੂਰੀ ਗੱਲ ਸਮਝਾਉਂਦੇ ਕਿਹਾ ਕਿ 1971 ਦੀ ਭਾਰਤ-ਪਾਕਿ ਜੰਗ ਦੌਰਾਨ ਪਾਕਿਸਤਾਨ ਦੇ 2 ਟੋਟੇ ਭਾਰਤ ਨੇ ਕੀਤੇ ਸਨ। ਇਕ ਟੋਟਾ ਵੱਖ ਹੋ ਕੇ ਬੰਗਲਾ ਦੇਸ਼ ਬਣ ਗਿਆ। ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ। ਇਸ 'ਤੇ ਹੈਰਾਨੀ ਪ੍ਰਗਟ ਕਰਦਿਆਂ ਹੰਸ ਨੇ ਕਿਹਾ ਕਿ ਇਹ ਬਹੁਤ ਵਧੀਆ ਕੰਮ ਕੀਤਾ ਕਿ ਟੁਕੜੇ ਕਰ ਦਿੱਤੇ।
ਹੰਸ ਦੀ ਉਕਤ ਵੀਡੀਓ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੀ ਹੈ। ਲੋਕ ਉਨ੍ਹਾਂ ਦੀ ਗੁਆਂਢੀ ਦੇਸ਼ਾਂ ਬਾਰੇ ਘੱਟ ਜਾਣਕਾਰੀ ਤੋਂ ਹੈਰਾਨ ਹਨ।


KamalJeet Singh

Content Editor

Related News