ਡਾਕਟਰ ਨੇ ਚੁੱਕਿਆ ਖ਼ੌਫਨਾਕ ਕਦਮ, ਕਿਹਾ- ''I Am Sorry''
Saturday, Jan 18, 2025 - 11:35 AM (IST)
ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇਕ ਦੁਖਦ ਘਟਨਾ ਵਾਪਰੀ। ਗੋਮਤੀ ਨਗਰ ਦੇ ਖਰਗਾਪੁਰ ਇਲਾਕੇ ਵਿਚ ਨਿਰਮਲਾ ਡੈਂਟਲ ਕਲੀਨਿਕ ਚਲਾਉਣ ਵਾਲੇ ਡਾਕਟਰ ਸਚਿਨ ਸੌਰਭ ਨੇ ਆਪਣੇ ਘਰ ਫਾਹਾ ਲਾ ਕੇ ਜਾਨ ਦੇ ਦਿੱਤੀ। ਇਹ ਘਟਨਾ ਇੰਦਰਾਨਗਰ ਸੀ ਬਲਾਕ 'ਚ ਵਾਪਰੀ, ਜਿੱਥੇ ਡਾਕਟਰ ਸਚਿਨ ਸੌਰਭ ਰਹਿੰਦੇ ਸਨ।
ਕਮਰੇ 'ਚੋਂ ਮਿਲਿਆ ਸੁਸਾਈਡ ਨੋਟ
ਇਸ ਦੁਖਦ ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਪਰਿਵਾਰ ਨੇ ਰੌਲਾ ਪਾਇਆ। ਆਲੇ-ਦੁਆਲੇ ਦੇ ਲੋਕਾਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਵੇਖਿਆ ਤਾਂ ਹੈਰਾਨ ਰਹਿ ਗਏ। ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਪੁਲਸ ਨੂੰ ਡਾਕਟਰ ਦੇ ਕਮਰੇ ਵਿਚ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਵਿਚ ਲਿਖਿਆ ਹੈ ਕਿ ਮੈਂ ਹਮੇਸ਼ਾ ਨਿਰਾਸ਼ਾ ਦਾ ਕਾਰਨ ਬਣਨ ਲਈ ਮੁਆਫ਼ੀ ਚਾਹੁੰਦਾ ਹਾਂ। ਇਸ ਸੁਸਾਈਡ ਨੋਟ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਡਾਕਟਰ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ।
ਡੂੰਘੇ ਸਦਮੇ 'ਚ ਡਾਕਟਰ ਦਾ ਪਰਿਵਾਰ
ਡਾ. ਸਚਿਨ ਸੌਰਭ ਦੇ ਇਸ ਕਦਮ ਤੋਂ ਉਨ੍ਹਾਂ ਦਾ ਪਰਿਵਾਰ ਡੂੰਘੇ ਸਦਮੇ ਵਿਚ ਹੈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ ਕਿ ਡਾਕਟਰ ਮਾਨਸਿਕ ਰੂਪ ਨਾਲ ਪਰੇਸ਼ਾਨ ਸਨ। ਉਨ੍ਹਾਂ ਨੇ ਕਈ ਦਿਨਾਂ ਤੋਂ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਨਹੀਂ ਕੀਤੀ ਸੀ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਹ ਘਟਨਾ ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੇ।