ਵਿਗਿਆਨ ਮੰਤਰਾਲੇ ਦੀ ਚੇਤਾਵਨੀ : ਥੋੜ੍ਹੀ ਦੇਰ ਲਈ ਵੀ ਨਾ ਵੇਖੋ ਅੰਸ਼ਿਕ ਸੂਰਜ ਗ੍ਰਹਿਣ, ਜਾਣੋਂ ਸਹੀ ਤਰੀਕਾ

Wednesday, Oct 19, 2022 - 05:55 PM (IST)

ਵਿਗਿਆਨ ਮੰਤਰਾਲੇ ਦੀ ਚੇਤਾਵਨੀ : ਥੋੜ੍ਹੀ ਦੇਰ ਲਈ ਵੀ ਨਾ ਵੇਖੋ ਅੰਸ਼ਿਕ ਸੂਰਜ ਗ੍ਰਹਿਣ, ਜਾਣੋਂ ਸਹੀ ਤਰੀਕਾ

ਜੈਤੋ (ਰਘੂਨੰਦਨ ਪਰਾਸ਼ਰ) : ਇਸ ਮਹੀਨੇ 25 ਤਾਰੀਖ਼ ਨੂੰ ਨੂੰ ਅੰਸ਼ਿਕ ਸੂਰਜ ਗ੍ਰਹਿਣ ਲੱਗ ਰਿਹਾ ਹੈ। ਭਾਰਤ 'ਚ ਸੂਰਜ ਡੁੱਬਣ ਤੋਂ ਪਹਿਲਾਂ ਦੁਪਹਿਰ ਨੂੰ ਗ੍ਰਹਿਣ ਸ਼ੁਰੂ ਹੋਵੇਗਾ ਅਤੇ ਜ਼ਿਆਦਾਤਰ ਥਾਵਾਂ ਤੋਂ ਦੇਖਿਆ ਜਾ ਸਕਦਾ ਹੈ। ਉੱਧਰ ਪ੍ਰਿਥਵੀ ਵਿਗਿਆਨ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਅੰਸ਼ਿਕ ਸੂਰਜ ਗ੍ਰਹਿਣ ਨੂੰ ਥੋੜ੍ਹੀ ਦੇਰ ਲਈ ਨੰਗੀਆਂ ਅੱਖਾਂ ਨਾਲ ਨਹੀ ਵੇਖਣਾ ਚਾਹੀਦਾ।

ਮੰਤਰਾਲੇ ਮੁਤਾਬਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਸਥਾਨਾਂ ਜਿਵੇਂ ਐਜ਼ੌਲ, ਡਿਬਰੂਗੜ੍ਹ, ਇੰਫਾਲ, ਇਟਾਨਗਰ, ਕੋਹਿਮਾ, ਸਿਬਸਾਗਰ, ਸਿਲਚਰ, ਤਾਮਲੌਂਗ ਆਦਿ ਤੋਂ ਗ੍ਰਹਿਣ ਨਹੀਂ ਦਿਖੇਗਾ। ਗ੍ਰਹਿਣ ਦਾ ਅੰਤ ਭਾਰਤ 'ਚ ਨਹੀ ਦਿਖੇਗਾ ਕਿਉਂਕਿ ਇਹ ਸੂਰਜ ਡੁੱਬਣ ਤੋਂ ਬਾਅਦ ਵੀ ਜਾਰੀ ਰਹੇਗਾ। ਦੇਸ਼ ਦੇ ਉੱਤਰ-ਪੱਛਮੀ ਹਿੱਸਿਆਂ 'ਚ ਵੱਧ ਤੋਂ ਵੱਧ ਗ੍ਰਹਿਣ ਦੇ ਸਮੇਂ ਸੂਰਜ 'ਤੇ ਚੰਦਰਮਾ ਦਾ ਕਵਰ 40 ਤੋਂ 50 ਫ਼ੀਸਦੀ ਦੇ ਵਿਚਕਾਰ ਹੋਵੇਗਾ। ਦੇਸ਼ ਦੇ ਹੋਰ ਹਿੱਸਿਆਂ 'ਚ ਇਹ ਇਸ ਤੋਂ ਘੱਟ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਮੰਮੀ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜਿਆ 3 ਸਾਲ ਦਾ ਬੱਚਾ, ਵੀਡੀਓ ਹੋ ਰਿਹੈ ਵਾਇਰਲ

ਦਿੱਲੀ ਅਤੇ ਮੁੰਬਈ 'ਚ ਵੱਧ ਤੋਂ ਵੱਧ ਗ੍ਰਹਿਣ ਦੇ ਸਮੇਂ ਚੰਦਰਮਾ ਦੁਆਰਾ ਸੂਰਜ ਦਾ ਕਵਰ 44 ਫ਼ੀਸਦੀ ਅਤੇ 24 ਫ਼ੀਸਦੀ ਹੋਵੇਗਾ। ਗ੍ਰਹਿਣ ਦੀ ਮਿਆਦ ਦਿੱਲੀ ਅਤੇ ਮੁੰਬਈ 'ਚ ਸ਼ੁਰੂ ਤੋਂ ਸੂਰਜ ਡੁੱਬਣ ਤਕ 1 ਘੰਟਾ 13 ਮਿੰਟ ਅਤੇ 1 ਘੰਟਾ 19 ਮਿੰਟ ਹੋਵੇਗੀ। ਚੇਨੰਈ ਅਤੇ ਕਲਕੱਤਾ 'ਚ ਗ੍ਰਹਿਣ ਦੀ ਮਿਆਦ ਸ਼ੁਰੂ ਤੋਂ ਸੂਰਜ ਡੁੱਬਣ ਤਕ 31 ਮਿੰਟ ਅਤੇ 12 ਮਿੰਟ ਹੋਵੇਗੀ। ਇਹ ਗ੍ਰਹਿਣ ਯੂਰੋਪ, ਮੱਧ ਪੂਰਬ, ਅਫ਼ਰੀਕਾ ਦੇ ਉੱਤਰ-ਪੂਰਬੀ ਹਿੱਸਿਆਂ, ਪੱਛਮੀ ਏਸ਼ੀਆ, ਉੱਤਰੀ ਅਟਲਾਂਟਿਕ ਮਹਾਸਾਗਰ ਅਤੇ ਉੱਤਰੀ ਹਿੰਦ ਮਹਾਸਾਗਰ ਦੇ ਖੇਤਰਾਂ 'ਚ ਦਿਖੇਗਾ। 

5 ਸਾਲ ਬਾਅਦ ਲੱਗੇਗਾ ਅਗਲਾ ਗ੍ਰਹਿਣ

ਭਾਰਤ 'ਚ ਅਗਲਾ ਸੂਰਜ ਗ੍ਰਹਿਣ 2 ਅਗਸਤ 2027 ਨੂੰ ਦਿਖਾਈ ਦੇਵੇਗਾ, ਜੋ ਕਿ ਪੂਰਨ ਸੂਰਜ ਗ੍ਰਹਿਣ ਹੋਵੇਗਾ। ਇਹ ਦੇਸ਼ ਦੇ ਸਾਰੇ ਹਿੱਸਿਆਂ ਤੋਂ ਅੰਸ਼ਿਕ ਸੂਰਜ ਗ੍ਰਹਿਣ ਵਜੋਂ ਪ੍ਰਤੀਬਿੰਬਿਤ ਹੋਵੇਗਾ। ਮੱਸਿਆ ਨੂੰ ਸੂਰਜ ਗ੍ਰਹਿਣ ਉਦੋਂ ਲਗਦਾ ਹੈ ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ ਅਤੇ ਇਹ ਤਿੰਨੋਂ ਇਕ ਸਿੱਧੀ ਲਕੀਰ 'ਚ ਆਉਂਦੇ ਹਨ। ਇਕ ਅੰਸ਼ਿਕ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਸੂਰਜ ਦੇ ਸਿਰਫ਼ ਇਕ ਹਿੱਸੇ ਨੂੰ ਢਕਦਾ ਹੈ।

ਨੰਗੀਆਂ ਅੱਖਾਂ ਨਾਲ ਸੂਰਜ ਗ੍ਰਹਿਣ ਵੇਖਣਾ ਖਤਰਨਾਕ

ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਸੂਰਜ ਗ੍ਰਹਿਣ ਨੰਗੀਆਂ ਅੱਖਾਂ ਨਾਲ ਵੀ ਥੋੜ੍ਹੇ ਸਮੇਂ ਲਈ ਵੀ ਨਹੀਂ ਵੇਖਣਾ ਚਾਹੀਦਾ। ਭਾਵੇਂ ਚੰਦਰਮਾ ਸੂਰਜ ਦੇ ਜ਼ਿਆਦਾਤਰ ਹਿੱਸੇ ਨੂੰ ਢੱਕ ਲੈਂਦਾ ਹੈ, ਪਰ ਇਸ ਨੂੰ ਨੰਗੀਆਂ ਅੱਖਾਂ ਨਾਲ ਵੇਖਣ ਨਾਲ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਜਿਹਾ ਕਰਨ ਨਾਲ ਅੰਨ੍ਹਾਪਣ ਵੀ ਹੋ ਸਕਦਾ ਹੈ। ਸੂਰਜ ਗ੍ਰਹਿਣ ਨੂੰ ਦੇਖਣ ਲਈ ਐਲੂਮਿਨੀ ਮਾਈਲਰ, ਬਲੈਕ ਪੋਲੀਮਰ, 14 ਨੰਬਰ ਸ਼ੇਡ ਦੇ ਕੱਚ ਦੀ ਵਰਤੋਂ ਜਾਂ ਦੂਰਬੀਨ ਰਾਹੀਂ ਸੂਰਜ ਦੇ ਪਰਛਾਵੇਂ ਨੂੰ ਸਫੈਦ ਸਕ੍ਰੀਨ 'ਤੇ ਪੇਸ਼ ਕਰਕੇ ਇਸ ਨੂੰ ਦੇਖਿਆ ਜਾ ਸਕਦਾ ਹੈ।


author

Anuradha

Content Editor

Related News