ਅਦਾਲਤ ਦਾ ਅਪਮਾਨ : ਅਨੁਰਾਗ ਨੇ ਅਦਾਲਤ ਤੋਂ ਬਿਨਾ ਸ਼ਰਤ ਮੰਗੀ ਮੁਆਫੀ

Thursday, Jul 13, 2017 - 08:35 PM (IST)

ਅਦਾਲਤ ਦਾ ਅਪਮਾਨ : ਅਨੁਰਾਗ ਨੇ ਅਦਾਲਤ ਤੋਂ ਬਿਨਾ ਸ਼ਰਤ ਮੰਗੀ ਮੁਆਫੀ

ਨਵੀਂ ਦਿੱਲੀ—ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਨੇ ਸੁਪਰੀਮ ਕੋਰਟ 'ਚ ਬਿਨਾ ਸ਼ਰਤ ਮਾਫੀ ਮੰਗ ਲਈ। ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀ ਸੁਪਰੀਮ ਕੋਰਟ ਅਦਾਲਤ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਹਮੀਰਪੁਰ ਤੋਂ ਸੰਸਦ ਮੈਂਬਰ ਠਾਕੁਰ ਤੋਂ 7 ਜੁਲਾਈ ਨੂੰ ਸੁਪਰੀਮ ਕੋਰਟ ਨੇ ਮਾਫੀ ਮੰਗਣ ਲਈ ਕਿਹਾ ਸੀ ਤਾਂਕਿ ਉਨ੍ਹਾਂ ਖਿਲਾਫ ਅਦਾਲਤ ਦੇ ਅਪਮਾਨ ਦੇ ਮਾਮਲੇ ਨੂੰ ਖਤਮ ਕੀਤਾ ਜਾ ਸਕੇ। ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਨੇ ਅਦਾਲਤ 'ਚ ਦਾਇਰ ਆਪਣੇ ਸਹੁੰ ਚੁੱਕ ਪੱਤਰ 'ਚ ਕਿਹਾ ਕਿ ਮੈਂ ਅਦਾਲਤ ਦੀ ਗਰਿਮਾ ਨੂੰ ਜਾਣਬੂਝ ਕੇ ਕਦੀ ਵੀ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਗਲਤ ਜਾਣਕਾਰੀ ਦੇ ਕਾਰਨ ਕੁਝ ਗਲਤਫਹਮੀ ਪੈਦਾ ਹੋ ਗਈ। ਮੈਂ ਇਸ ਲਈ ਅਦਾਲਤ 'ਚ ਬਿਨਾ ਸ਼ਰਤ ਮਾਫੀ ਮੰਗਦਾ ਹਾਂ।

ਕੋਰਟ ਨੇ ਮਾਫੀਨਾਮੇ ਨੂੰ ਕੀਤਾ ਸੀ ਨਾ-ਮਨਜੂਰ
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪਿਛਲੀ 7 ਜੁਲਾਈ ਨੂੰ ਠਾਕੁਰ ਦੇ ਮਾਫੀਨਾਮੇ ਨੂੰ ਨਾ-ਮਨਜੂਰ ਕਰ ਦਿੱਤਾ ਸੀ। ਇਸ ਤੋਂ ਬਾਅਦ ਜੱਜ ਦੀਪਕ ਮਿਸ਼ਰਾ, ਜੱਜ ਏ.ਐੱਮ. ਖਾਨਵਿਲਕਰ ਅਤੇ ਜੱਜ ਡੀ.ਵਾਈ. ਚੰਦਰਚੂੜ ਦੀ ਬੈਂਚ ਨੇ ਅਨੁਰਾਗ ਠਾਕੁਰ ਨੂੰ ਬਿਨਾ ਸ਼ਰਤ ਮਾਫੀ ਮੰਗਣ ਦਾ ਆਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਨੇ 14 ਜੁਲਾਈ ਨੂੰ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਨੂੰ ਵਿਅਕਤੀਗਤ ਤੌਰ 'ਤੇ ਪੇਸ਼ ਹੋਣ ਦਾ ਆਦੇਸ਼ ਦਿੰਦੇ ਹੋਏ ਉਨ੍ਹਾਂ ਨੂੰ ਸਖਤ ਹਿਦਾਇਤ ਦਿੱਤੀ ਕਿ ਮਾਫੀਨਾਮੇ ਦੀ ਭਾਸ਼ਾ ਇਕਦਮ ਸਾਫ ਹੋਣੀ ਚਾਹੀਦੀ ਹੈ। ਦਰਅਸਲ ਸੁਪਰੀਮ ਕੋਰਟ ਨੇ ਅਨੁਰਾਗ ਨੂੰ ਕਿਹਾ ਕਿ ਜੇਕਰ ਉਨ੍ਹਾਂ ਖਿਲਾਫ ਇਹ ਸਾਬਿਤ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਬੀ.ਸੀ.ਸੀ.ਆਈ. 'ਚ ਸੁਧਾਰ ਲਿਆਉਣ 'ਤੇ ਅੜਕਾ ਨਹੀਂ ਲਗਾਉਣ ਦੀ ਝੂਠੀ ਸਹੁੰ ਖਾਦੀ ਹੈ ਤਾਂ ਉਨ੍ਹਾਂ ਨੂੰ ਜੇਲ ਭੇਜਿਆ ਜਾ ਸਕਦਾ ਹੈ।
ਅਨੁਰਾਗ ਨੇ ਕੀਤੀ ਸੀ ਬੋਰਡ ਦੀ ਪ੍ਰਕਿਰਿਆ 'ਚ ਅੜਿਕਾ ਪਾਉਣ ਦੀ ਕੋਸ਼ਿਸ਼
ਦਰਅਸਲ ਪਿਛਲੇ ਸਾਲ 15 ਦਸੰਬਰ ਨੂੰ ਅਦਾਲਤ ਨੇ ਕਿਹਾ ਸੀ ਕਿ ਅਨੁਰਾਗ ਠਾਕੁਰ 'ਤੇ ਅਦਾਲਤ ਦਾ ਅਪਮਾਨ ਅਤੇ ਝੂਠੀ ਗਵਾਹੀ ਦਾ ਮਾਮਲਾ ਬਣਦਾ ਹੈ। ਉਨ੍ਹਾਂ ਨੇ ਅੰਤਰ-ਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੂੰ ਚਿੱਠੀ ਲਿਖ ਕੇ ਬੋਰਡ 'ਚ ਸੁਧਾਰਾਂ ਦੀ ਪ੍ਰਕਿਰਿਆ 'ਚ ਅੜਿਕਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਅਨੁਰਾਗ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਨ੍ਹਾਂ ਨੇ ਆਈ.ਸੀ.ਸੀ. ਚੇਅਰਮੈਨ ਸ਼ਸ਼ਾਂਕ ਮਨੋਹਰ ਨੂੰ ਅਜਿਹਾ ਕੋਈ ਪੱਤਰ ਲਿਖਿਆ ਸੀ।


Related News