ਫੜਨਵੀਸ ਨੇ ਦਿੱਤਾ ਅਸਤੀਫਾ, ਕਿਹਾ- ਹੁਣ ਸਾਡੇ ਕੋਲ ਬਹੁਮਤ ਨਹੀਂ

11/26/2019 4:18:55 PM

ਮੁੰਬਈ— ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਸਹੁੰ ਚੁੱਕਣ ਦੇ ਮਹਿਤ 3 ਦਿਨਾਂ ਬਾਅਦ ਹੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੁਪਰੀਮ ਕੋਰਟ ਨੇ ਬੁੱਧਵਾਰ ਭਾਵ ਕੱਲ ਨੂੰ ਫਲੋਰ ਟੈਸਟ ਦਾ ਹੁਕਮ ਦਿੱਤਾ ਸੀ ਪਰ ਉਸ ਦੀ ਉਡੀਕ ਕੀਤੇ ਬਿਨਾਂ ਹੀ ਅਸਤੀਫਾ ਦੇ ਦਿੱਤਾ। ਦਵਿੰਦਰ ਤੋਂ ਪਹਿਲਾਂ ਡਿਪਟੀ ਸੀ. ਐੱਮ. ਦੇ ਅਹੁਦੇ ਤੋਂ ਅਜੀਤ ਪਵਾਰ ਨੇ ਅਸਤੀਫਾ ਦਿੱਤਾ, ਜਿਸ ਤੋਂ ਬਾਅਦ ਫੜਨਵੀਸ ਨੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਫੜਨਵੀਸ ਸ਼ਿਵ ਸੈਨਾ 'ਤੇ ਜੰਮ ਕੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਅਸੀਂ ਮਿਲ ਕੇ ਚੋਣਾਂ ਲੜੀਆਂ ਸਨ ਅਤੇ ਬਹੁਮਤ ਹਾਸਲ ਕੀਤਾ। ਸਾਨੂੰ ਜਨਤਾ ਨੇ ਜਨਾਦੇਸ਼ ਦਿੱਤਾ, ਭਾਜਪਾ ਨੂੰ 105 ਸੀਟਾਂ ਮਿਲੀਆਂ।

ਸ਼ਿਵ ਸੈਨਾ ਨੇ ਸਾਡੇ ਨਾਲ ਚਰਚਾ ਕਰਨ ਦੀ ਬਜਾਏ ਐੱਨ. ਸੀ. ਪੀ-ਕਾਂਗਰਸ ਨਾਲ ਚਰਚਾ ਕੀਤੀ। ਸ਼ਿਵ ਸੈਨਾ ਨਾਲ ਢਾਈ-ਢਾਈ ਸਾਲ ਲਈ ਕਦੇ ਸੀ. ਐੱਮ. ਅਹੁਦੇ ਲਈ ਗੱਲ ਨਹੀਂ ਹੋਈ। ਤਿੰਨੋਂ ਦਲਾਂ- ਐੱਨ. ਸੀ. ਪੀ-ਕਾਂਗਰਸ-ਸ਼ਿਵ ਸੈਨਾ ਨੇ ਸਰਕਾਰ ਬਣਾਉਣ ਤੋਂ ਇਨਕਾਰ ਕੀਤਾ ਸੀ। ਸ਼ਿਵ ਸੈਨਾ ਨੇ ਪਹਿਲੇ ਦਿਨ ਹੀ ਸੌਦੇਬਾਜ਼ੀ ਕੀਤੀ। ਸ਼ਿਵ ਸੈਨਾ ਨੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸਾਨੂੰ ਧਮਕੀ ਦਿੱਤੀ ਸੀ। ਹੁਣ ਸਾਡੇ ਕੋਲ ਬਹੁਮਤ ਨਹੀਂ ਹੈ। ਇਸ ਲਈ ਮੈਂ ਅਸਤੀਫਾ ਦੇ ਦਿੱਤਾ ਹੈ।ਫੜਨਵੀਸ ਨੇ ਅੱਗੇ ਕਿਹਾ ਕਿ ਅਜੀਤ ਪਵਾਰ ਨੇ ਨਿਜੀ ਕਾਰਨਾਂ ਕਰ ਕੇ ਅਸਤੀਫਾ ਦਿੱਤਾ। ਤਿੰਨ ਪਹੀਆ ਵਾਲੀ ਸਰਕਾਰ ਦਾ ਚੱਲਣਾ ਮੁਸ਼ਕਲ ਹੈ। ਫੜਨਵੀਸ ਨੇ ਇਸ ਦੇ ਨਾਲ ਹੀ ਕਿਹਾ ਕਿ ਅਸੀਂ 5 ਸਾਲ ਬਹੁਤ ਕੰਮ ਕੀਤਾ। ਹੁਣ ਅਸੀਂ ਵਿਰੋਧੀ ਧਿਰ 'ਚ ਬੈਠਾਂਗੇ। ਅਸੀਂ ਨਵੀਂ ਸਰਕਾਰ ਨੂੰ ਕੰਮ ਕਰਨਾ ਸਿਖਾਵਾਂਗੇ। ਜੋ ਸਰਕਾਰ ਬਣਾਉਣ ਜਾ ਰਹੇ ਹਨ, ਉਨ੍ਹਾਂ ਨੂੰ ਸ਼ੁੱਭਕਾਮਨਾਵਾਂ।

ਦੱਸਣਯੋਗ ਹੈ ਕਿ ਦੋਹਾਂ ਨੇਤਾਵਾਂ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਸੀ. ਐੱਮ. ਅਤੇ ਡਿਪਟੀ ਸੀ. ਐੱਮ. ਅਹੁਦੇ ਦੀ ਸਹੁੰ ਚੁੱਕੀ ਸੀ। ਫੜਨਵੀਸ ਨੇ ਕਿਹਾ ਸੀ ਕਿ ਅਜੀਤ ਪਵਾਰ ਨੇ ਐੱਨ. ਸੀ. ਪੀ. ਵਿਧਾਇਕਾਂ ਦੇ ਸਮਰਥਨ ਦੀ ਚਿੱਠੀ ਸੌਂਪੀ ਅਤੇ ਉਨ੍ਹਾਂ ਕੋਲ ਬਹੁਮਤ ਹੈ। ਹਾਲਾਂਕਿ ਐੱਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਇਹ ਅਜੀਤ ਪਵਾਰ ਦਾ ਨਿਜੀ ਫੈਸਲਾ ਹੈ ਅਤੇ ਪਾਰਟੀ ਇਸ ਤੋਂ ਸਹਿਮਤ ਨਹੀਂ ਹੈ। ਉਦੋਂ ਤੋਂ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਫੜਨਵੀਸ ਅਤੇ ਅਜੀਤ ਲਈ ਬਹੁਮਤ ਸਾਬਤ ਕਰਨਾ ਬੇਹੱਦ ਮੁਸ਼ਕਲ ਹੋਵੇਗਾ। ਦੋਹਾਂ ਨੇਤਾਵਾਂ ਦੀਆਂ ਮੁਸ਼ਕਲਾਂ 'ਚ ਆਖਰੀ ਕੀਲ ਠੋਕਣ ਦਾ ਕੰਮ ਸੁਪਰੀਮ ਕੋਰਟ ਨੇ ਕੀਤਾ, ਜਦੋਂ ਬੁੱਧਵਾਰ ਨੂੰ ਹੀ ਫਲੋਰ ਟੈਸਟ ਦਾ ਹੁਕਮ ਦਿੱਤਾ ਗਿਆ। ਇੱਥੇ ਦੱਸ ਦੇਈਏ ਕਿ ਅਜੀਤ ਦੇ ਡਿਪਟੀ ਸੀ. ਐੱਮ. ਬਣਨ ਤੋਂ ਬਾਅਦ ਸ਼ਿਵ ਸੈਨਾ-ਐੱਨ. ਸੀ. ਪੀ-ਕਾਂਗਰਸ ਨੇ ਸਰਕਾਰ ਗਠਨ ਨੂੰ ਲੈ ਕੇ ਵਿਰੋਧ ਕੀਤਾ ਸੀ ਅਤੇ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।


Tanu

Content Editor

Related News