ਫੌਜ ਨੂੰ ਤਾਕਤ ਦੇਵੇਗਾ ਵਿਕਸਤ ਰਾਜਸਥਾਨ : ਮੋਦੀ
Wednesday, Mar 13, 2024 - 04:43 PM (IST)
ਜੈਸਲਮੇਰ (ਵਿਮਲ ਭਾਟੀਆ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਪੋਖਰਨ ਫਾਈਰਿੰਗ ਰੇਂਜ ’ਚ ਚੱਲ ਰਹੇ ਜੰਗੀ ਅਭਿਆਸ ‘ਭਾਰਤ ਸ਼ਕਤੀ’ ’ਚ ਫੌਜ ਦੇ ਹੁਨਰ ਤੋਂ ਰੂ-ਬ-ਰੂ ਹੋਏ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਾਂਗੇ ਤਾਂ ਰੱਖਿਆ ਹੁਨਰ ਵੀ ਨਵੀਆਂ ਉਚਾਈਆਂ ’ਤੇ ਪਹੁੰਚ ਜਾਵੇਗਾ। ਉਨ੍ਹਾਂ ਇਸ ਪ੍ਰਕਿਰਿਆ ਵਿਚ ਰਾਜਸਥਾਨ ਦੇ ਕਿਰਦਾਰ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਇਕ ਵਿਕਸਤ ਰਾਜਸਥਾਨ ਫੌਜ ਨੂੰ ਤਾਕਤ ਦੇਵੇਗਾ।
ਰੱਖਿਆ ਖੇਤਰ ਵਿਚ ਸਵਦੇਸ਼ੀ ਤਕਨੀਕ ਅਤੇ ਨਿਰਮਾਣ ਦੀ ਲੋੜ ਨੂੰ ਰੇਖਾਬੱਧ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਰੱਖਿਆ ਲੋੜਾਂ ਲਈ ਸਵੈ-ਨਿਰਭਰਤਾ ਹਥਿਆਰਬੰਦ ਬਲਾਂ ਵਿਚ ਆਤਮ ਵਿਸ਼ਵਾਸ ਦੀ ਗਾਰੰਟੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਤੋਂ ਇਲਾਵਾ 40 ਮਿੱਤਰ ਦੇਸ਼ਾਂ ਦੇ ਨੁਮਾਇੰਦੇ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਅਨਿਲ ਚੌਹਾਨ, ਜ਼ਮੀਨੀ ਫੌਜ ਮੁਖੀ ਜਨਰਲ ਮਨੋਜ ਪਾਂਡੇ, ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ, ਸਮੁੰਦਰੀ ਫੌਜ ਮੁਖੀ ਐਡਮਿਰਲ ਆਰ. ਹਰੀ ਕੁਮਾਰ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੈਲਾਸ਼ ਚੌਧਰੀ, ਰਾਜਸਥਾਨ ਦੇ ਮੁੱਖ ਸਕੱਤਰ ਸੁਧਾਂਸ਼ ਪੰਤ, ਪੋਖਰਨ ਦੇ ਵਿਧਾਇਕ ਪ੍ਰਤਾਪ ਪੁਰੀ ਵੀ ਮੌਜੂਦ ਸਨ।
ਪੋਖਰਨ ਨੂੰ ਦੱਸਿਆ ਸਵੈ-ਨਿਰਭਰਤਾ, ਆਤਮ-ਵਿਸ਼ਵਾਸ ਅਤੇ ਮਾਣ ਦਾ ਸੁਮੇਲ : ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪ੍ਰਦਰਸ਼ਿਤ ਬਹਾਦਰੀ ਅਤੇ ਹੁਨਰ ਇਕ ਨਵੇਂ ਭਾਰਤ ਦਾ ਸੱਦਾ ਹੈ। ਅੱਜ ਪੋਖਰਨ ਇਕ ਵਾਰ ਫਿਰ ਭਾਰਤ ਦੀ ਆਤਮ-ਨਿਰਭਰਤਾ, ਆਤਮ-ਵਿਸ਼ਵਾਸ ਅਤੇ ਉਸ ਦੇ ਮਾਣ ਦੇ ਸੁਮੇਲ ਦਾ ਗਵਾਹ ਬਣਿਆ ਹੈ। ਇਹ ਉਹੀ ਪੋਖਰਨ ਹੈ ਜਿਸ ਨੇ ਪੂਰੀ ਦੁਨੀਆ ਨੂੰ ਭਾਰਤ ਦੇ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਹੋਣ ਦਾ ਗਵਾਹ ਬਣਾਇਆ ਅਤੇ ਅੱਜ ਅਸੀਂ ਸਵਦੇਸ਼ੀਕਰਨ ਰਾਹੀਂ ਇਸ ਦੀ ਤਾਕਤ ਦੇਖ ਰਹੇ ਹਾਂ। ਪੀ. ਐੱਮ. ਨੇ ਰੱਖਿਆ ਖੇਤਰ ਵਿਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦੇ ਕਦਮਾਂ ਨੂੰ ਰੇਖਾਬੱਧ ਕਰਦੇ ਹੋਏ ਨੀਤੀਗਤ ਸੁਧਾਰਾਂ ਅਤੇ ਨਿੱਜੀ ਖੇਤਰ ਨੂੰ ਸ਼ਾਮਲ ਕਰਨ ਅਤੇ ਇਸ ਖੇਤਰ ਵਿਚ ਐੱਮ. ਐੱਸ. ਐੱਮ. ਈ. ਸਟਾਰਟਅਪ ਨੂੰ ਉਤਸ਼ਾਹਿਤ ਕਰਨ ਦਾ ਜ਼ਿਕਰ ਕੀਤਾ।
ਭਾਰਤ ’ਚ ਬਣਨਗੇ 5ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ : ਪ੍ਰਧਾਨ ਮੰਤਰੀ ਨੇ ਭਾਰਤ ਵਿਚ 5ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੇ ਡਿਜ਼ਾਈਨ ਤਿਆਰ ਕਰ ਕੇ ਉਨ੍ਹਾਂ ਦਾ ਨਿਰਮਾਣ ਕਰਨ ਦੇ ਹਾਲ ਹੀ ਲਏ ਗਏ ਕੈਬਨਿਟ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰੱਖਿਆ ਖੇਤਰ ਦਾ ਵਿਕਾਸ ਭਵਿੱਖ ਵਿਚ ਅਣਗਿਣਤ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ 2014 ਦੇ ਮੁਕਾਬਲੇ ਦੇਸ਼ ਦੀ ਰੱਖਿਆ ਬਰਾਮਦ ਵਿਚ 8 ਗੁਣਾ ਵਾਧਾ ਹੋਇਆ ਹੈ।