ਇਲਾਹਾਬਾਦ ਹਾਈ ਕੋਰਟ ਦਾ ਫ਼ੈਸਲਾ, ਸਰੀਰਕ ਸਬੰਧ ਬਣਾਉਣ ’ਚ ਨਾਬਾਲਿਗਾ ਦੀ ਇੱਛਾ ਮਾਇਨੇ ਨਹੀਂ ਰੱਖਦੀ
Friday, Oct 14, 2022 - 11:58 AM (IST)
ਪ੍ਰਯਾਗਰਾਜ (ਭਾਸ਼ਾ)- ਇਲਾਹਾਬਾਦ ਹਾਈ ਕੋਰਟ ਨੇ ਇਕ ਫ਼ੈਸਲੇ ’ਚ ਕਿਹਾ ਹੈ ਕਿ ਜੇਕਰ ਕੋਈ ਨਾਬਾਲਿਗਾ ਆਪਣਾ ਘਰ ਛੱਡ ਕੇ ਕਿਸੇ ਨਾਲ ਵਿਆਹ ਕਰਦੀ ਹੈ ਅਤੇ ਆਪਣੀ ਮਰਜ਼ੀ ਨਾਲ ਸਰੀਰਕ ਸਬੰਧ ਬਣਾ ਲੈਂਦੀ ਹੈ ਪਰ ਨਾਬਾਲਿਗ ਦੀ ਇਸ ਇੱਛਾ ਦਾ ਕੋਈ ਮਹੱਤਵ ਨਹੀਂ ਹੁੰਦਾ। ਜਸਟਿਸ ਰਾਧਾ ਰਾਣੀ ਠਾਕੁਰ ਨੇ ਅਲੀਗੜ੍ਹ ਦੇ ਪ੍ਰਵੀਨ ਕਸ਼ਯਪ ਨਾਂ ਦੇ ਵਿਅਕਤੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਪ੍ਰਵੀਨ ਨੇ ਨਾਬਾਲਿਗਾ ਨਾਲ ਵਿਆਹ ਕਰਵਾਇਆ ਸੀ ਅਤੇ ਦੋਵੇਂ ਪਤੀ-ਪਤਨੀ ਵਾਂਗ ਰਹਿ ਰਹੇ ਸਨ। ਪਟੀਸ਼ਨਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀ.ਆਰ.ਪੀ.ਸੀ. ਪੀੜਤਾ ਵੱਲੋਂ ਆਈ.ਪੀ.ਸੀ. ਦੀ ਧਾਰਾ 161 ਅਤੇ 164 ਤਹਿਤ ਦਿੱਤੇ ਬਿਆਨ ਮੁਤਾਬਕ, ਉਸ ਨੇ ਆਪਣੀ ਮਰਜ਼ੀ ਨਾਲ ਘਰ ਛੱਡਿਆ ਸੀ ਅਤੇ ਵਿਆਹ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਪਟੀਸ਼ਨਕਰਤਾ 4 ਜੂਨ 2022 ਤੋਂ ਜੇਲ੍ਹ ’ਚ ਹਨ, ਇਸ ਲਈ ਉਸ ਦੀ ਜ਼ਮਾਨਤ ਦੀ ਬੇਨਤੀ ਕੀਤੀ ਜਾਂਦੀ ਹੈ।
ਵਧੀਕ ਸਰਕਾਰੀ ਵਕੀਲ ਨੇ ਜ਼ਮਾਨਤ ਪਟੀਸ਼ਨ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਅਲੀਗੜ੍ਹ ਦੇ ਨਹਰੌਲਾ ਖੈਰ ਸਥਿਤ ਹਾਇਰ ਸੈਕੰਡਰੀ ਸਕੂਲ ਪ੍ਰਿੰਸੀਪਲ ਵੱਲੋਂ ਦਿੱਤੇ ਸਰਟੀਫਿਕੇਟ ਮੁਤਾਬਕ, ਪੀੜਤਾ ਦੀ ਜਨਮ ਮਿਤੀ 10 ਮਈ 2006 ਹੈ ਅਤੇ ਘਟਨਾ ਦੇ ਦਿਨ 2 ਜੂਨ 2022 ਨੂੰ ਕੁੜੀ ਨਾਬਾਲਿਗ ਸੀ, ਇਸ ਲਈ ਉਸ ਦੀ ਇੱਛਾ ਕੋਈ ਮਾਇਨੇ ਨਹੀਂ ਰੱਖਦੀ।