ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ DCP ਨੇ ਅਪਣਾਇਆ ਅਨੋਖਾ ਤਰੀਕਾ, ਵੀਡੀਓ ਵਾਇਰਲ

12/20/2019 10:24:22 AM

ਬੈਂਗਲੁਰੂ— ਨਾਗਰਿਕਤਾ ਕਾਨੂੰਨ 'ਤੇ ਬਵਾਲ ਦਰਮਿਆਨ ਕਈ ਇਲਾਕਿਆਂ 'ਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪ ਹਓਈ ਪਰ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਇਕ ਸੁਖਦ ਘਟਨਾਕ੍ਰਮ ਦੇਖਣ ਨੂੰ ਮਿਲਿਆ। ਇੱਥੇ ਟਾਊਨਹਾਲ 'ਚ ਨਾਗਰਿਕਤਾ ਕਾਨੂੰਨ ਅਤੇ ਐੱਨ.ਆਰ.ਸੀ. ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ ਡਟੇ ਹੋਏ ਸਨ ਅਤੇ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ ਸਨ। ਉਨ੍ਹਾਂ ਨੂੰ ਉੱਥੋਂ ਸ਼ਾਂਤੀਪੂਰਵਕ ਹਟਾਉਣ ਲਈ ਬੈਂਗਲੁਰੂ (ਸੈਂਟਰਲ) ਦੇ ਡੀ.ਸੀ.ਪੀ. ਨੇ ਅਨੋਖਾ ਤਰੀਕਾ ਇਸਤੇਮਾਲ ਕੀਤਾ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਦੇਖਿਆ ਜਾ ਰਿਹਾ ਹੈ।

ਪ੍ਰਦਰਸ਼ਨਕਾਰੀਆਂ ਨੇ ਡੀ.ਸੀ.ਪੀ. ਨਾਲ ਗਾਇਆ ਰਾਸ਼ਟਰ ਗੀਤ
ਡੀ.ਸੀ.ਪੀ. ਚੇਤਨ ਸਿੰਘ ਰਾਠੌੜ ਨੇ ਆਪਣੇ ਸਾਹਮਣੇ ਖੜ੍ਹੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਕਿ ਭੀੜ ਮਾਨਸਿਕਤਾ ਕਾਰਨ ਸਾਡੇ ਵਿਚ ਲੁਕੇ ਅਸਮਾਜਿਕ ਤੱਤ ਮੌਕੇ ਦਾ ਫਾਇਦਾ ਚੁੱਕਦੇ ਹਨ ਅਤੇ ਨਿਰਦੋਸ਼ ਕੁੱਟੇ ਜਾਂਦੇ ਹਨ। ਇਸ ਤੋਂ ਬਾਅਦ ਡੀ.ਸੀ.ਪੀ. ਰਾਠੌੜ ਨੇ ਕਿਹਾ,''ਮੇਰੇ 'ਤੇ ਭਰੋਸਾ ਹੈ ਤਾਂ ਮੇਰੇ ਨਾਲ ਇਕ ਗੀਤ ਗਾਓ।'' ਇਸ ਤੋਂ ਬਾਅਦ ਰਾਠੌੜ ਰਾਸ਼ਟਰ ਗੀਤ ਗਾਉਂਦੇ ਹਨ ਅਤੇ ਉਨ੍ਹਾਂ ਨਾਲ ਉੱਥੇ ਮੌਜੂਦ ਸਾਰੇ ਪ੍ਰਦਰਸ਼ਨਕਾਰੀ ਵੀ ਰਾਸ਼ਟਰ ਗੀਤ ਦੋਹਰਾਉਣ ਲੱਗਦੇ ਹਨ। ਹੌਲੀ-ਹੌਲੀ ਭੀੜ ਸ਼ਾਂਤੀਪੂਰਨ ਤਰੀਕੇ ਨਾਲ ਉੱਥੋਂ ਚੱਲੀ ਜਾਂਦੀ ਹੈ। ਕੁਝ ਇਸੇ ਤਰ੍ਹਾਂ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਸਦਭਾਵਨਾ ਦਿੱਲੀ 'ਚ ਦਿੱਸੀ, ਜਿੱਥੇ ਦਿੱਲੀ ਪੁਲਸ ਨੇ ਹਿਰਾਸਤ 'ਚ ਲਏ ਲੋਕਾਂ ਨੂੰ ਭੋਜਨ-ਪਾਣੀ ਆਫ਼ਰ ਕੀਤਾ।

ਧਾਰਾ 144 ਲਾਗੂ
ਵੀਰਵਾਰ ਨੂੰ ਬੈਂਗਲੁਰੂ 'ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਮਸ਼ਹੂਰ ਇਤਿਹਾਸਕਾਰ ਰਾਮਚੰਦਰ ਗੁਹਾ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਉਨ੍ਹਾਂ ਨੂੰ ਵੀ ਟਾਊਨਹਾਲ ਤੋਂ ਹਿਰਾਸਤ 'ਚ ਲਿਆ ਗਿਆ। ਖੁਦ ਨੂੰ ਹਿਰਾਸਤ 'ਚ ਲਏ ਜਾਣ 'ਤੇ ਗੁਹਾ ਨੇ ਕਿਹਾ ਕਿ ਇਹ 'ਬਿਲਕੁੱਲ ਅਲੋਕਤੰਤਰੀ ਹੈ' ਕਿ ਪੁਲਸ ਸ਼ਾਂਤੀਪੂਰਨ ਤਰੀਕੇ ਨਾਲ ਵੀ ਪ੍ਰਦਰਸ਼ਨ ਨਹੀਂ ਕਰਨ ਦੇ ਰਹੀ ਹੈ, ਜਦਕਿ ਇਹ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ। ਬੈਂਗਲੁਰੂ 'ਚ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਧਾਰਾ 144 ਲਾਗੂ ਕਰ ਦਿੱਤੀ ਗਈ ਸੀ।


DIsha

Content Editor

Related News