ਜੰਮੂ-ਕਸ਼ਮੀਰ ''ਚ ਹਿੰਦੂਆਂ ਤੇ ਸਿੱਖਾਂ ਦੀ ''ਕਤਲੇਆਮ'' ''ਚ ਸ਼ਾਮਲ ਦੋਸ਼ੀਆਂ ਦੀ ਪਛਾਣ ਲਈ SIT ਦੀ ਮੰਗ

Sunday, Mar 27, 2022 - 06:02 PM (IST)

ਜੰਮੂ-ਕਸ਼ਮੀਰ ''ਚ ਹਿੰਦੂਆਂ ਤੇ ਸਿੱਖਾਂ ਦੀ ''ਕਤਲੇਆਮ'' ''ਚ ਸ਼ਾਮਲ ਦੋਸ਼ੀਆਂ ਦੀ ਪਛਾਣ ਲਈ SIT ਦੀ ਮੰਗ

ਨਵੀਂ ਦਿੱਲੀ (ਭਾਸ਼ਾ)– ਜੰਮੂ-ਕਸ਼ਮੀਰ ’ਚ 1989 ਤੋਂ 2003 ਦਰਮਿਆਨ ਹਿੰਦੂਆਂ ਅਤੇ ਸਿੱਖਾਂ ਦੇ ਕਤਲੇਆਮ ’ਚ ਸ਼ਾਮਲ  ਦੋਸ਼ੀਆਂ ਦੀ ਪਛਾਣ ਕਰਨ ਲਈ ਇਕ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਦੇ ਗਠਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ‘ਵੀ ਦਿ ਸਿਟੀਜ਼ਨਸ’ ਵਲੋਂ ਦਾਇਰ ਪਟੀਸ਼ਨ 'ਚ ਉਨ੍ਹਾਂ ਹਿੰਦੂਆਂ ਅਤੇ ਸਿੱਖਾਂ ਦੀ ਗਿਣਤੀ ਕਰਨ ਲਈ ਵੀ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ, ਜੋ ਜੰਮੂ-ਕਸ਼ਮੀਰ 'ਚ 'ਕਤਲੇਆਮ' ਦਾ ਸ਼ਿਕਾਰ ਹੋਏ ਜਾਂ ਬਚ ਨਿਕਲੇ ਹਨ ਅਤੇ ਹੁਣ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਰਹਿ ਰਹੇ ਹਨ।

ਪਟੀਸ਼ਨ ’ਚ ਅਜਿਹੇ ਲੋਕਾਂ ਦੇ ਮੁੜ ਵਸੇਬੇ ਦੇ ਵੀ ਨਿਰਦੇਸ਼ ਮੰਗੇ ਗਏ ਹਨ। ਪਟੀਸ਼ਨ ਵਿਚ ਕਿਹਾ ਗਿਆ ਹੈ, “ਪਟੀਸ਼ਨਕਰਤਾ ਨੇ ਕਸ਼ਮੀਰ ਦੇ ਪ੍ਰਵਾਸੀਆਂ ਨਾਲ ਸਬੰਧਤ ਕਿਤਾਬਾਂ, ਲੇਖ ਅਤੇ ਯਾਦਾਂ ਪੜ੍ਹ ਕੇ ਖੋਜ ਕੀਤੀ ਹੈ। ਪਟੀਸ਼ਨਕਰਤਾ ਵਲੋਂ ਪੜ੍ਹੀਆਂ ਗਈਆਂ ਪ੍ਰਮੁੱਖ ਕਿਤਾਬਾਂ ’ਚ ਜਗਮੋਹਨ ਵਲੋਂ ਲਿਖੀ 'ਮਾਈ ਫਰੋਜ਼ਨ ਟਰਬੂਲੈਂਸ ਇਨ ਕਸ਼ਮੀਰ' ਅਤੇ ਰਾਹੁਲ ਪੰਡਿਤਾ ਵਲੋਂ 'ਅਵਰ ਚੰਦਰਮਾ ਹੈਜ਼ ਬਲੱਡ ਕਲੌਟਸ' ਸ਼ਾਮਲ ਹਨ। ਇਹ ਦੋ ਕਿਤਾਬਾਂ ਸਾਲ 1990 ਵਿਚ ਹੋਏ ਭਿਆਨਕ ਕਤਲੇਆਮ ਅਤੇ ਕਸ਼ਮੀਰੀ ਹਿੰਦੂਆਂ ਅਤੇ ਸਿੱਖਾਂ ਦੇ ਪਲਾਇਨ ਦਾ ਸਿੱਧਾ ਬਿਰਤਾਂਤ ਬਾਰੇ ਦੱਸਦੀਆਂ ਹਨ।’’ ਐਡਵੋਕੇਟ ਬਰੁਣ ਕੁਮਾਰ ਸਿਨਹਾ ਰਾਹੀਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ, “ਉਸ ਸਮੇਂ ਦੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਨਾਕਾਮੀ ਅਤੇ ਅਖੀਰ ’ਚ ਸੰਵਿਧਾਨਕ ਮਸ਼ੀਨਰੀ ਦਾ ਪੂਰੀ ਤਰ੍ਹਾਂ ਵਿਗਾੜ ਇਨ੍ਹਾਂ ਕਿਤਾਬਾਂ ਵਿਚ ਅੰਕਿਤ ਹੈ।’’

ਉਸ ਵੇਲੇ ਦੀ ਸਰਕਾਰ ਅਤੇ ਸੂਬਾ ਮਸ਼ਨੀਰੀ ਨੇ ਹਿੰਦੂਆਂ ਅਤੇ ਸਿੱਖਾਂ ਦੀ ਜਾਨੀ-ਮਾਲੀ ਰਾਖੀ ਲਈ ਬਿਲਕੁਲ ਵੀ ਕੋਈ ਉਪਰਾਲਾ ਨਹੀਂ ਕੀਤਾ। ਦੇਸ਼ ਧ੍ਰੋਹੀਆਂ, ਅੱਤਵਾਦੀਆਂ, ਸਮਾਜ ਵਿਰੋਧੀ ਅਨਸਰਾਂ ਨੂੰ ਪੂਰੇ ਕਸ਼ਮੀਰ 'ਤੇ ਕਾਬਜ਼ ਕਰਨ ਦੀ ਆਗਿਆ ਦੇ ਦਿੱਤੀ। ਜਿਸ ਦੇ ਸਿੱਟੇ ਵਜੋਂ ਹਿੰਦੂ ਅਤੇ ਸਿੱਖ ਨਾਗਰਿਕਾਂ ਦਾ ਸਰਕਾਰ ਵਿਚ ਵਿਸ਼ਵਾਸ ਖਤਮ ਹੋ ਗਿਆ ਅਤੇ ਉਹ ਭਾਰਤ ਦੇ ਦੂਜੇ ਹਿੱਸਿਆਂ ਵਿਚ ਪ੍ਰਵਾਸ ਕਰਨ ਅਤੇ ਵਸਣ ਲਈ ਮਜ਼ਬੂਰ ਹੋ ਗਏ।


author

Tanu

Content Editor

Related News