ਭਰਜਾਈ ਦਾ ਗਲ਼ਾ ਦਬਾ ਕੇ ਕਤਲ ਕਰਨ ਤੋਂ ਬਾਅਦ ਨੌਜਵਾਨ ਨੇ ਪੁਲਸ ਸਾਹਮਣੇ ਕੀਤਾ ਆਤਮ ਸਮਰਪਣ
Wednesday, Nov 11, 2020 - 05:13 PM (IST)

ਨਵੀਂ ਦਿੱਲੀ- ਉੱਤਰ-ਪੂਰਬੀ ਦਿੱਲੀ ਦੇ ਕਰਾਵਲ ਨਗਰ 'ਚ 26 ਸਾਲਾ ਇਕ ਵਿਅਕਤੀ ਨੇ ਗਲ਼ਾ ਦਬਾ ਕੇ ਆਪਣੀ ਭਰਜਾਈ ਨੂੰ ਮਾਰ ਦਿੱਤਾ ਅਤੇ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਲਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਕਰਾਵਲ ਨਗਰ ਦਾ ਰੋਹਿਤ (26) ਮੰਗਲਵਾਰ ਨੂੰ ਕਰੀਬ 3.30 ਵਜੇ ਡੀ.ਸੀ.ਪੀ. ਦਫ਼ਤਰ ਪਹੁੰਚਿਆ ਅਤੇ ਉਸ ਨੇ ਦੱਸਿਆ ਕਿ ਉਸ ਨੇ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ ਹੈ ਅਤੇ ਲਾਸ਼ ਉਸ ਦੇ ਘਰ ਪਈ ਹੈ। ਪੁਲਸ ਡਿਪਟੀ ਕਮਿਸ਼ਨਰ ਵੇਦ ਪ੍ਰਕਾਸ਼ ਸੂਰੀਆ ਨੇ ਕਿਹਾ,''ਕਰਾਵਲ ਨਗਰ ਥਾਣੇ ਦੇ ਇੰਚਾਰਜ 2 ਹੋਰ ਕਰਮੀਆਂ ਨਾਲ ਹਾਦਸੇ ਵਾਲੀ ਜਗ੍ਹਾ ਗਏ ਅਤੇ ਉਨ੍ਹਾਂ ਨੇ ਉੱਥੇ ਜਨਾਨੀ ਦੀ ਲਾਸ਼ ਦੇਖੀ।''
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਦਰਮਿਆਨ ਹਮੇਸ਼ਾ ਝਗੜਾ ਹੁੰਦਾ ਸੀ, ਕਿਉਂਕਿ ਜਨਾਨੀ ਉਸ ਨਾਲ ਰਹਿਣਾ ਚਾਹੁੰਦੀ ਸੀ। ਰੋਹਿਤ ਅਨੁਸਾਰ ਤਿੰਨ ਸਾਲ ਪਹਿਲਾਂ ਉਸ ਦੇ ਵੱਡੇ ਭਰਾ ਨੇ ਖ਼ੁਦਕੁਸ਼ੀ ਕਰ ਲਈ ਸੀ ਅਤੇ ਉਸ ਦੀ ਵਿਧਵਾ ਰੋਹਿਤ ਨਾਲ ਰਹਿ ਰਹੀ ਸੀ। ਪੁਲਸ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਵੀ ਇਸੇ ਮੁੱਦੇ 'ਤੇ ਦੋਹਾਂ ਦਰਮਿਆਨ ਝਗੜਾ ਹੋ ਗਿਆ, ਜਿਸ ਤੋਂ ਬਾਅਦ ਰੋਹਿਤ ਨੇ ਕਰੀਬ 3.30 ਵਜੇ ਗਲ਼ਾ ਦਬਾ ਕੇ ਉਸ ਨੂੰ ਮਾਰ ਦਿੱਤਾ ਅਤੇ ਫਿਰ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਰੀਆ ਨੇ ਦੱਸਿਆ ਕਿ ਕਰਾਵਲ ਨਗਰ ਥਾਣੇ 'ਚ ਇਕ ਮਾਮਲਾ ਦਰਜ ਕੀਤਾ ਗਿਆ ਅਤੇ ਰੋਹਿਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੁੱਧਵਾਰ ਨੂੰ ਜਨਾਨੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੁਲਸ ਅਨੁਸਾਰ ਜਨਾਨੀ ਦਾ ਇਕ ਪੁੱਤ ਅਤੇ ਧੀ ਹੈ। ਘਟਨਾ ਦੇ ਸਮੇਂ ਦੋਵੇਂ ਬੱਚੇ ਘਰ ਤੋਂ ਬਾਹਰ ਸਨ।