ਦਿੱਲੀ : ਹੋਟਲ ਦੇ ਕਮਰੇ ''ਚ ਔਰਤ ਨਾਲ ਗੈਂਗਰੇਪ, ਤਿੰਨ ਲੋਕ ਗ੍ਰਿਫ਼ਤਾਰ
Tuesday, Oct 11, 2022 - 12:57 PM (IST)
ਨਵੀਂ ਦਿੱਲੀ (ਭਾਸ਼ਾ)- ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਇਲਾਕੇ 'ਚ ਇਕ ਹੋਟਲ ਦੇ ਕਮਰੇ 'ਚ ਤਿੰਨ ਲੋਕਾਂ ਨੇ ਇਕ ਔਰਤ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਅਜੇ (39), ਤਾਰਾ ਚੰਦ (34) ਅਤੇ ਨਰੇਸ਼ (38) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਰੇ ਰਾਜਸਥਾਨ ਦੇ ਅਲਵਰ ਦੇ ਰਹਿਣ ਵਾਲੇ ਹਨ। ਪੁਲਸ ਡਿਪਟੀ ਕਮਿਸ਼ਨਰ (ਡੀ.ਸੀ.ਪੀ.) ਊਸ਼ਾ ਰੰਗਨਾਨੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਦੇਣ ਲਈ ਆਦਰਸ਼ ਨਗਰ ਥਾਣੇ ਦੇ ਪੀ.ਸੀ.ਆਰ. (ਪੁਲਸ ਕੰਟਰੋਲ ਰੂਮ) 'ਤੇ ਐਤਵਾਰ ਨੂੰ ਫ਼ੋਨ ਆਇਆ ਸੀ। ਪੁਲਸ ਡਿਪਟੀ ਕਮਿਸ਼ਨ ਅਨੁਸਾਰ, ਔਰਤ ਨੇ ਦੱਸਿਆ ਕਿ ਉਸ ਨੂੰ ਉਸ ਦੇ ਇਕ ਰਿਸ਼ਤੇਦਾਰ ਅਜੇ ਨੇ ਐਤਵਾਰ ਨੂੰ ਹੋਟਲ ਦੇ ਕਮਰੇ 'ਚ ਬੁਲਾਇਆ ਸੀ, ਜਿੱਥੇ ਉਸ ਦੇ 2 ਦੋਸਤ ਵੀ ਮੌਜੂਦ ਸਨ।
ਉਨ੍ਹਾਂ ਨੇ ਔਰਤ ਨੂੰ ਕੋਲਡ ਡਰਿੰਕ 'ਚ ਕੁਝ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਤਿੰਨਾਂ ਨੇ ਔਰਤ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਔਰਤ ਦੇ ਬਿਆਨ ਅਤੇ 'ਮੈਡੀਕੋ-ਲੀਗਲ ਕੇਸ' (ਐੱਮ.ਐੱਲ.ਸੀ.) ਰਿਪੋਰਟ ਦੇ ਆਧਾਰ 'ਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 376 ਡੀ (ਸਮੂਹਿਕ ਜਬਰ ਜ਼ਿਨਾਹ), 377 (ਗੈਰ-ਕੁਦਰਤੀ ਅਪਰਾਧ) ਅਤੇ 328 (ਅਪਰਾਧ ਕਰਨ ਦੇ ਇਰਾਦੇ ਨਾਲ ਜ਼ਹਿਰ ਆਦਿ ਦੇ ਕੇ ਸੱਟ ਪਹੁੰਚਾਉਣਾ) ਦੇ ਅਧੀਨ ਆਦਰਸ਼ ਨਗਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਅਪਰਾਧ ਦਲ ਨੇ ਹੋਟਲ ਤੋਂ ਨਮੂਨੇ ਇਕੱਠੇ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।