ਦਿੱਲੀ ਹਿੰਸਾ ਦਾ ਦੋਸ਼ੀ ਸ਼ਰਜੀਲ ਇਮਾਮ ਗ੍ਰਿਫਤਾਰ
Wednesday, Aug 26, 2020 - 12:54 AM (IST)

ਨਵੀਂ ਦਿੱਲੀ - ਦਿੱਲੀ 'ਚ ਹੋਏ ਹਿੰਸਕ ਝੜਪ ਦੇ ਦੋਸ਼ੀ ਅਤੇ ਜੇ.ਐੱਨ.ਯੂ. 'ਚ ਪੀ.ਐੱਚ.ਡੀ. ਦਾ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਸ ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਇਹ ਕਾਰਵਾਈ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਤਹਿਤ ਕੀਤੀ ਹੈ। ਸ਼ਰਜੀਲ ਇਮਾਮ ਨੂੰ ਐਤਵਾਰ ਦੇ ਦਿਨ ਹੀ ਪ੍ਰੋਡਕਸ਼ਨ ਵਾਰੰਟ 'ਤੇ ਅਸਾਮ ਤੋਂ ਦਿੱਲੀ ਲਿਆਇਆ ਗਿਆ ਸੀ। ਦੱਸ ਦਈਏ ਕਿ ਦਿੱਲੀ ਪੁਲਸ ਵੱਲੋਂ ਅਪ੍ਰੈਲ 'ਚ ਦਾਖਲ ਕੀਤੀ ਗਈ ਚਾਰਜਸ਼ੀਟ 'ਚ ਇਮਾਮ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਸੀ।
ਜ਼ਿਕਰਯੋਗ ਹੈ ਕਿ ਸ਼ਰਜੀਲ ਇਮਾਮ 'ਤੇ ਦੋਸ਼ ਹੈ ਕਿ ਉਸਨੇ ਦਿੱਲੀ ਹਿੰਸਾ ਦੌਰਾਨ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ 'ਚ ਲੋਕਾਂ ਨੂੰ ਸ਼ਾਮਲ ਹੋਣ ਲਈ ਉਕਸਾਇਆ ਸੀ। ਉਸ 'ਤੇ ਦੋਸ਼ ਹੈ ਕਿ ਉਸਨੇ ਖੁਲ੍ਹੇਆਮ ਦੇਸ਼ ਦੇ ਸੰਵਿਧਾਨ ਦੀ ਬੇਇੱਜ਼ਤੀ ਕੀਤੀ ਅਤੇ ਉਸ ਨੂੰ ਫਾਸ਼ੀਵਾਦੀ ਦਸਤਾਵੇਜ਼ ਕਰਾਰ ਦਿੱਤਾ ਸੀ। ਦਿੱਲੀ ਲਿਆਉਣ ਤੋਂ ਪਹਿਲਾਂ ਗੁਹਾਟੀ ਦੀ ਜੇਲ੍ਹ 'ਚ ਭੜਕਾਊ ਭਾਸ਼ਣ ਦੇਣ ਦੇ ਮਾਮਲੇ 'ਚ ਬੰਦ ਸੀ। ਦਿੱਲੀ ਪੁਲਸ ਦੇ ਸਪੈਸ਼ਲ ਸੈਲ ਦੀ ਇੱਕ ਟੀਮ ਜੁਲਾਈ 'ਚ ਗੁਹਾਟੀ ਪਹੁੰਚੀ ਸੀ। ਦਿੱਲੀ ਲਿਆਉਣ ਤੋਂ ਪਹਿਲਾਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜੋ ਪਾਜ਼ੇਟਿਵ ਨਿਕਲਿਆ ਸੀ। ਹਾਲਾਂਕਿ, ਸ਼ਰਜੀਲ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸਪੈਸ਼ਲ ਸੈਲ ਦੀ ਟੀਮ ਵਾਪਸ ਦਿੱਲੀ ਪਰਤ ਆਈ ਸੀ।