20 ਦਿਨ ਪਹਿਲਾਂ ਚੋਰੀ ਹੋਈ ਕਾਰ ਦਾ ਚਲਾਨ ਕੱਟ ਮਾਲਕ ਨੂੰ ਫੜਾ ਗਈ ਪੁਲਸ ਪਰ ਨਹੀਂ ਮਿਲੀ ਗੱਡੀ

Sunday, Jul 12, 2020 - 06:00 PM (IST)

ਨਵੀਂ ਦਿੱਲੀ- ਦਿੱਲੀ ਦੇ ਇਕ ਵਾਸੀ ਨੂੰ ਇੱਥੇ ਵਿਵੇਕ ਵਿਹਾਰ ਪੁਲਸ ਥਾਣੇ ਕੋਲ ਉਸ ਦੀ ਕਾਰ ਚੋਰੀ ਹੋਣ ਦੇ 20 ਦਿਨਾਂ ਤੋਂ ਵੀ ਵੱਧ ਸਮੇਂ ਬਾਅਦ ਤੇਜ਼ ਗਤੀ ਨਾਲ ਵਾਹਨ ਚਲਾਉਣ ਲਈ ਚਲਾਨ ਮਿਲਿਆ ਹੈ। ਪੱਛਮੀ ਦਿੱਲੀ ਦੇ ਹਰਿਨਗਰ ਦੇ ਰਹਿਣ ਵਾਲੇ ਯੋਗੇਸ਼ ਪੋਦਾਰ ਦਾ ਵਾਹਨ 6 ਜੂਨ ਨੂੰ ਚੋਰੀ ਹੋਇਆ ਸੀ ਅਤੇ ਉਦੋਂ ਤੋਂ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਕਰੀਬ 20 ਦਿਨ ਬਾਅਦ ਉਨ੍ਹਾਂ ਨੂੰ ਮਿਲੇਨੀਅਮ ਡਿਪੋ ਨੇੜੇ ਤੇਜ਼ ਗਤੀ ਨਾਲ ਵਾਹਨ ਚਲਾ ਕੇ ਆਵਾਜਾਈ ਨਿਯਮ ਦਾ ਉਲੰਘਣ ਕਰਨ ਦਾ ਚਲਾਨ ਮਿਲਿਆ। ਪੋਦਾਰ ਨੇ ਦੱਸਿਆ ਕਿ ਉਨ੍ਹਾਂ ਨੇ 5 ਜੂਨ ਰਾਤ ਕਰੀਬ 8 ਵਜੇ ਵਿਵੇਕ ਵਿਹਾਰ ਪੁਲਸ ਥਾਣੇ ਕੋਲ ਆਪਣੀ ਕਾਰ ਖੜ੍ਹੀ ਕੀਤੀ ਸੀ, ਜਿੱਥੋਂ ਅਗਲੇ ਦਿਨ ਕਾਰ ਚੋਰੀ ਹੋ ਗਈ ਅਤੇ ਉਨ੍ਹਾਂ ਨੇ ਇਸ ਬਾਰੇ ਆਨਲਾਈਨ ਸ਼ਿਕਾਇਤ ਵੀ ਦਰਜ ਕਰਵਾਈ ਸੀ। ਮਾਮਲੇ ਦੀ ਜਾਂਚ ਕਰ ਰਹੇ ਇਕ ਅਧਿਕਾਰੀ ਨੇ ਕਿਹਾ,''ਜਿਸ ਸਥਾਨ 'ਤੇ ਕਾਰ ਖੜ੍ਹੀ ਕੀਤੀ ਗਈ ਸੀ, ਉੱਥੇ ਕੋਈ ਸੀ.ਸੀ.ਟੀ.ਵੀ. ਕੈਮਰਾ ਨਹੀਂ ਲੱਗਾ ਹੈ ਪਰ ਕਾਰ ਚੋਰੀ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਨੇੜਲੇ ਇਲਾਕਿਆਂ ਦੇ ਕਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਜੇਟ ਦੇਖੀ ਗਈ ਪਰ ਸਾਨੂੰ ਕਾਰ ਦਾ ਕੁਝ ਪਤਾ ਨਹੀਂ ਲੱਗ ਸਕਿਆ।''

ਉਨ੍ਹਾਂ ਨੇ ਦੱਸਿਆ ਕਿ ਕਾਰ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹਿਣ ਤੋਂ ਬਾਅਦ ਉਸ ਦੇ ਨਾ ਮਿਲਣ ਦੀ ਰਿਪੋਰਟ ਕੋਰਟ 'ਚ ਦਰਜ ਕਰਵਾਈ ਗਈ। ਸ਼ਿਕਾਇਤਕਰਤਾ ਨੂੰ 30 ਜੂਨ ਨੂੰ ਉਸ ਦੇ ਚੋਰੀ ਹੋਏ ਵਾਹਨ ਦੀ ਤਸਵੀਰ ਨਾਲ ਚਲਾਨ ਮਿਲਿਆ। ਇਸ ਤੋਂ ਬਾਅਦ ਪੋਦਾਰ ਨੇ ਇਸ ਦੀ ਸੂਚਨਾ ਜਾਂਚ ਅਧਿਕਾਰੀ ਨੂੰ ਤੁਰੰਤ ਦਿੱਤੀ। ਪੋਦਾਰ ਨੇ ਕਿਹਾ,''ਜਦੋਂ ਤੱਕ 30 ਜੂਨ ਨੂੰ ਮੈਨੂੰ ਚਲਾਨ ਨਹੀਂ ਮਿਲਿਆ ਸੀ, ਉਦੋਂ ਤੱਕ ਮੈਨੂੰ ਲੱਗ ਰਿਹਾ ਸੀ ਕਿ ਅਪਰਾਧੀ ਨੇ ਜਾਂ ਤਾਂ ਕਾਰ ਨੂੰ ਭੰਨ-ਤੋੜ ਦਿੱਤਾ ਹੈ ਜਾਂ ਦਿੱਲੀ ਦੇ ਬਾਹਰ ਕਿਸੇ ਨੂੰ ਵੇਚ ਦਿੱਤਾ ਹੈ ਪਰ ਤਸਵੀਰ ਨਾਲ ਚਲਾਨ ਮਿਲਣ ਤੋਂ ਬਾਅਦ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਨਾ ਤਾਂ ਮੇਰੀ ਕਾਰ ਦਾ ਰੰਗ ਬਦਲਿਆ ਗਿਆ ਹੈ ਅਤੇ ਨਾ ਹੀ ਰਜਿਸਟਰੇਸ਼ਨ ਨੰਬਰ। ਕਾਰ 'ਚ ਲੱਗੇ ਕੁਝ ਸਟਿਕਰ ਅਤੇ ਉਸ 'ਚ ਲੱਗੀ ਭਗਵਾਨ ਦੀ ਮੂਰਤੀ ਗਾਇਬ ਸੀ। ਇਸ ਦੇ ਬਾਵਜੂਦ ਪੁਲਸ ਮੇਰੀ ਕਾਰ ਲੱਭ ਨਹੀਂ ਸਕੀ।'' ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


DIsha

Content Editor

Related News