ਬਿਨਾਂ ਪੈਸੇ ਅਤੇ ਦਸਤਾਵੇਜ਼ ਦੇ ਕੋਰੋਨਾ ਨਾਲ ਇਸ ਤਰ੍ਹਾਂ ਜੰਗ ਲੜ ਰਹੇ ਹਨ ਰੋਹਿੰਗੀਆ ਸ਼ਰਨਾਰਥੀ

Thursday, May 20, 2021 - 03:08 PM (IST)

ਬਿਨਾਂ ਪੈਸੇ ਅਤੇ ਦਸਤਾਵੇਜ਼ ਦੇ ਕੋਰੋਨਾ ਨਾਲ ਇਸ ਤਰ੍ਹਾਂ ਜੰਗ ਲੜ ਰਹੇ ਹਨ ਰੋਹਿੰਗੀਆ ਸ਼ਰਨਾਰਥੀ

ਨਵੀਂ ਦਿੱਲੀ- ਦਿੱਲੀ ਦੇ ਕਈ ਸ਼ਰਨਾਰਥੀ ਕੰਪਲੈਕਸਾਂ 'ਚ ਰਹਿ ਰਹੇ ਰੋਹਿੰਗੀਆ ਮੁਸਲਮਾਨਾਂ ਕੋਲ ਨਾ ਤਾਂ ਇਲਾਜ ਲਈ ਪੈਸਾ ਹੈ ਅਤੇ ਨਾ ਹੀ ਕੋਵਿਡ ਰੋਕੂ ਟੀਕਾ ਲਗਵਾਉਣ ਲਈ ਦਸਤਾਵੇਜ਼ ਹਨ। ਜਿਸ ਨਾਲ ਮਹਾਮਾਰੀ ਦੇ ਇਸ ਦੌਰ 'ਚ ਜਿਊਂਦੇ ਰਹਿਣ ਲਈ ਉਹ ਖ਼ੁਦ ਹੀ ਸੰਘਰਸ਼ ਕਰ ਰਹੇ ਹਨ। ਸਰਕਾਰ ਨੇ ਉਨ੍ਹਾਂ  ਲੋਕਾਂ ਲਈ ਜਾਂਚ ਅਤੇ ਟੀਕਾਕਰਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਆਸਾਨ ਬਣਾਇਆ ਹੈ, ਜਿਸ ਕੋਲ ਪੂਰੇ ਦਸਤਾਵੇਜ਼ ਨਹੀਂ ਹਨ ਪਰ ਕਈ ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। 

270 ਰੋਹਿੰਗੀਆ ਮੁਸਲਿਮ ਰਹਿੰਦੇ ਹਨ
ਸ਼ਹਿਰ ਦੇ ਮਦਨਪੁਰ ਖਾਦਰ ਕੰਪਲੈਕਸ 'ਚ ਕਰੀਬ 270 ਰੋਹਿੰਗੀਆ ਮੁਸਲਿਮ ਰਹਿੰਦੇ ਹਨ, ਜੋ ਅੱਤਿਆਚਾਰਾਂ ਤੋਂ ਬਚਣ ਲਈ ਮਿਆਂਮਾਰ 'ਚ ਆਪਣੇ ਘਰਾਂ ਤੋਂ ਦੌੜ ਆਏ। ਝੁੱਗੀ ਬਸਤੀ 'ਚ ਰਹਿ ਰਹੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖ਼ੁਦ ਤੋਂ ਹੀ ਬੀਮਾਰੀ ਦੇ ਲੱਛਣਾਂ ਨਾਲ ਲੜਨਾ ਸਿਖ ਲਿਆ ਹੈ, ਜਿਸ 'ਚ ਕਈ ਘਰੇਲੂ ਇਲਾਜ ਜਿਵੇਂ ਕਿ ਨਮ ਦੇ ਪਾਣੀ ਨਾਲ ਗਰਾਰੇ ਕਰਨਾ ਅਤੇ ਸਥਿਤੀ ਗੰਭੀਰ ਹੋਣ 'ਤੇ ਆਪਣੀਆਂ ਝੁੱਗੀਆਂ 'ਚ ਹੀ ਏਕਾਂਤਵਾਸ ਰਹਿਣਾ ਸ਼ਾਮਲ ਹੈ। ਅਜਿਹੇ ਹੀ ਇਕ ਨੌਜਵਾਨ ਦਿਹਾੜੀ ਮਜ਼ਦੂਰ ਆਮਿਰ 'ਚ ਕੋਰੋਨਾ ਵਾਇਰਸ ਦੇ ਲੱਛਣ ਦਿੱਸ ਰਹੇ ਹਨ ਅਤੇ ਉਹ ਆਪਣੀ ਖੰਘ ਦੂਰ ਕਰਨ ਲਈ ਦਿਨ 'ਚ ਚਾਰ ਵਾਰ ਨਮਕ ਦੇ ਪਾਣੀ ਦੇ ਗਰਾਰੇ ਕਰ ਰਿਹਾ ਹੈ। ਇਸ ਨਾਲ ਕੁਝ ਰਾਹਤ ਤਾਂ ਮਿਲ ਰਹੀ ਹੈ ਪਰ ਉਸ ਨੂੰ ਨਹੀਂ ਪਤਾ ਕਿ ਹਾਲਤ ਵਿਗੜਨ 'ਤੇ ਕੀ ਕਰੇਗਾ। ਉਸ ਕੋਲ ਨਾ ਆਧਾਰ ਕਾਰਡ ਹੈ ਅਤੇ ਨਾ ਹੀ ਕੋਈ ਹੋਰ ਦਸਤਾਵੇਜ਼। ਅਜਿਹਾ ਹੀ ਹਾਲ ਉਸ ਦੇ ਨਾਲ ਰਹਿ ਰਹੇ ਹੋਰ ਲੋਕਾਂ ਦਾ ਵੀ ਹੈ। 

ਭਾਰਤ 'ਚ ਕਰੀਬ 40 ਹਜ਼ਾਰ ਰੋਹਿੰਗੀਆ ਸ਼ਰਨਾਰਥੀ ਰਹਿ ਰਹੇ ਹਨ
ਪਿਛਲੇ ਮਹੀਨੇ ਜਦੋਂ ਮਹਾਮਾਰੀ ਸਿਖ਼ਰ 'ਤੇ ਸੀ ਤਾਂ ਮਦਨਪੁਰ ਖਾਦਰ ਕੰਪਲੈਕਸ 'ਚ ਕਰੀਬ 50-60 ਰੋਹਿੰਗੀਆ ਸ਼ਰਨਾਰਥੀਆਂ ਦੇ ਲੱਛਣ ਦਿੱਸੇ ਸਨ। ਹੁਣ ਕਰੀਬ 20-25 ਲੋਕਾਂ 'ਚ ਲੱਛਣ ਹਨ। ਗੈਰ ਸਰਕਾਰੀ ਸੰਗਠਨਾਂ ਅਨੁਸਾਰ, ਭਾਰਤ 'ਚ ਕਰੀਬ 40 ਹਜ਼ਾਰ ਰੋਹਿੰਗੀਆ ਸ਼ਰਨਾਰਥੀ ਰਹਿ ਰਹੇ ਹਨ। ਮਦਨਪੁਰ ਖਾਦਰ, ਕਾਲਿੰਦੀ ਕੁੰਜ ਅਤੇ ਸ਼ਾਹੀਨ ਬਾਗ਼ 'ਚ ਕੰਪਲੈਕਸਾਂ 'ਚ ਕਰੀਬ 900 ਸ਼ਰਨਾਰਥੀ ਰਹਿ ਰਹੇ ਹਨ। ਨਾਸਿਰ ਨੇ 6 ਮਹੀਨੇ ਪਹਿਲਾਂ ਆਪਣੀ ਪਤਨੀ ਨੂੰ ਗੁਆ ਦਿੱਤਾ ਸੀ। ਉਸ ਨੂੰ ਲੱਗਦਾ ਹੈ ਕਿ ਪਤਨੀ ਨੂੰ ਕੋਰੋਨਾ ਸੀ ਪਰ ਉਹ ਯਕੀਨ ਨਾਲ ਨਹੀਂ ਕਹਿ ਸਕਦਾ। ਹਾਲਾਂਕਿ ਕਿਸੇ ਤਰ੍ਹਾਂ ਉਹ ਉਸ ਨੂੰ ਹਸਪਤਾਲ ਲਿਜਾ ਸਕਿਆ ਸੀ। 

ਕੋਰੋਨਾ ਦੇ ਲੱਛਣ ਦਿੱਸਣ 'ਤੇ ਨਿੰਬੂ ਅਤੇ ਪਿਆਜ਼ ਖਾਂਦੇ ਹਨ
ਉਸ ਨੇ ਕਿਹਾ,''ਕੋਰੋਨਾ ਵਰਗੇ ਲੱਛਣਾਂ ਨਾਲ ਜੂਝਣ ਤੋਂ ਬਾਅਦ ਮੇਰੀ ਪਤਨੀ ਦੀ ਮੌਤ ਹੋ ਗਈ ਹੈ। ਮੈਂ ਆਪਣੀ ਪਤਨੀ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਇਲਾਜ ਮਿਲਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ।'' ਉਸ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਵਲੋਂ ਜਾਰੀ ਕੀਤੇ ਗਏ ਪਛਾਣ ਪੱਤਰ ਨਾਲ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਾਉਣ 'ਚ ਮਦਦ ਮਿਲੀ। ਕਈ ਹੋਰ ਸ਼ਰਨਾਰਥੀ ਅਜਿਹਾ ਕਰਨ ਤੋਂ ਡਰਦੇ ਹਨ, ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸ਼ਰਨਾਰਥੀ ਦੇ ਤੌਰ 'ਤੇ ਪਛਾਣੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਗੁਆਂਢ 'ਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਨਾਸਿਰ ਨੇ ਇਹ ਵੀ ਕਿਹਾ ਕਿ ਜਦੋਂ ਲੋਕਾਂ ਨੂੰ ਲੱਛਣ ਦਿੱਸਦੇ ਹਨ ਤਾਂ ਉਹ ਡਰ ਜਾਂਦੇ ਹਨ। ਉਸ ਨੇ ਕਿਹਾ,''ਉਹ ਖ਼ੁਦ ਨੂੰ ਏਕਾਂਤਵਾਸ ਕਰ ਲੈਂਦੇ ਹਨ, ਗਰਮ ਪਾਣੀ ਪੀਂਦੇ ਹਨ, ਨਿੰਬੂ ਖਾਂਦੇ ਹਨ, ਪਿਆਜ਼ ਖਾਂਦੇ ਹਨ। ਕਈ ਲੋਕਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ, ਬੁਖ਼ਾਰ, ਸਰਦੀ ਅਤੇ ਖੰਘ ਹੁੰਦੀ ਹੈ। ਕਈ ਲੋਕ ਤਾਂ ਇਸ ਬਾਰੇ ਗੱਲ ਵੀ ਨਹੀਂ ਕਰਨਾ ਚਾਹੁੰਦੇ।'' ਸਿਹਤ ਮੰਤਰਾਲਾ ਦੇ ਹਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਨ੍ਹਾਂ ਕੋਲ ਆਈ.ਡੀ. ਕਾਰਡ ਨਹੀਂ ਹੈ, ਉਨ੍ਹਾਂ ਨੂੰ ਵੀ ਟੀਕਾ ਲਗਾਇਆ ਜਾਵੇਗਾ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ 'ਚ ਸ਼ਰਨਾਰਥੀ ਸ਼ਾਮਲ ਹਨ ਜਾਂ ਨਹੀਂ।


author

DIsha

Content Editor

Related News