ਦਿੱਲੀ ਦੰਗਿਆਂ ਨੂੰ ਇਕ ਸਾਲ ਪੂਰਾ, ਪੀੜਤਾਂ ਨੂੰ ਦਿੱਲੀ ਸਰਕਾਰ ਨੇ ਦਿੱਤਾ 26 ਕਰੋੜ ਤੋਂ ਵੱਧ ਮੁਆਵਜ਼ਾ
Tuesday, Feb 23, 2021 - 03:06 PM (IST)
ਨਵੀਂ ਦਿੱਲੀ- ਦਿੱਲੀ ਦੰਗੇ ਪੀੜਤਾਂ ਦੀ 'ਆਪ' ਸਰਕਾਰ ਨੇ ਤੇਜ਼ੀ ਨਾਲ ਮਦਦ ਕੀਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਸਰਕਾਰ ਨੇ ਰਿਕਾਰਡ ਸਮੇਂ ਅੰਦਰ ਸਾਰੇ ਦੰਗਾ ਪੀੜਤਾਂ ਤੱਕ ਮੁਆਵਜ਼ਾ ਪਹੁੰਚਾਉਣ ਦਾ ਕੰਮ ਕੀਤਾ ਹੈ। ਸਰਕਾਰ ਹੁਣ ਤੱਕ 2221 ਦੰਗਾ ਪੀੜਤਾਂ 'ਚ 26 ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਵੰਡ ਚੁਕੀ ਹੈ। ਸਰਕਾਰ ਦਾ ਦਾਅਵਾ ਹੈ ਕਿ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਕਿਸੇ ਸਰਕਾਰ ਨੇ ਦੰਗਾ ਪੀੜਤਾਂ ਨੂੰ ਇੰਨੀ ਤੇਜ਼ੀ ਨਾਲ ਮੁਆਵਜ਼ਾ ਵੰਡਿਆ ਹੈ, ਜਦੋਂ ਕਿ 1984 ਦੇ ਦੰਗਾ ਪੀੜਤ ਹਾਲੇ ਵੀ ਮਦਦ ਲਈ ਭਟਕ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਫਰਵਰੀ ਦੇ ਅੰਤਿਮ ਹਫ਼ਤੇ ਦੰਗਾ ਭੜਕ ਗਿਆ ਸੀ। ਉਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਮੌਜਪੁਰ ਅਤੇ ਜਾਫ਼ਰਾਬਾਦ ਸਮੇਤ ਹੋਰ ਖੇਤਰਾਂ 'ਚ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਸੀ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਸੀ।
ਦੰਗਾ ਪ੍ਰਭਾਵਿਤ ਇਲਾਕਿਆਂ ਦੇ ਲੋਕ ਡਰ ਦੇ ਮਾਰੇ ਆਪਣਾ ਘਰ ਛੱਡ ਸੁਰੱਖਿਅਤ ਥਾਂ ਚੱਲੇ ਗਏ ਸਨ, ਜਦੋਂ ਕਿ ਕੁਝ ਲੋਕ ਬੇਘਰ ਵੀ ਹੋ ਗਏ ਸਨ। ਮੁੱਖ ਮੰਤਰੀ ਨੇ ਘਰ ਛੱਡ ਕੇ ਗਏ ਲੋਕਾਂ ਤੋਂ ਆਪਣੇ ਘਰ ਵਾਪਸ ਆਉਣ ਦੀ ਅਪੀਲ ਕੀਤੀ ਸੀ। ਇਸ ਦੇ ਕੁਝ ਦਿਨਾਂ ਬਾਅਦ ਹੀ ਲੋਕ ਆਪਣੇ ਘਰ ਵਾਪਸ ਆਏ ਸਨ। ਦਿੱਲੀ ਸਰਕਾਰ ਨੇ ਦੰਗੇ 'ਚ 44 ਮ੍ਰਿਤਕਾਂ ਦੇ ਪਰਿਵਾਰਾਂ 'ਚ 4 ਕਰੋੜ 25 ਲੱਖ ਰੁਪਏ ਮੁਆਵਜ਼ਾ ਵੰਡਿਆ ਹੈ। ਇਸੇ ਤਰ੍ਹਾਂ, 233 ਜ਼ਖਮੀਆਂ ਨੂੰ ਇਕ ਕਰੋੜ 75 ਲੱਖ 40 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ।
731 ਰਿਹਾਇਸ਼ੀ ਮਕਾਨ ਨੁਕਸਾਨੇ ਜਾਣ 'ਤੇ 8 ਕਰੋੜ 51 ਲੱਖ 27 ਹਜ਼ਾਰ 499 ਰੁਪਏ ਮੁਆਵਜ਼ਾ ਦਿੱਤਾ ਗਿਆ ਹੈ। ਉੱਥੇ ਹੀ 1176 ਵਪਾਰਕ ਦੁਕਾਨਾਂ ਦੇ ਨੁਕਸਾਨ ਦੀ ਭਰਪਾਈ ਲਈ 11 ਕਰੋੜ 28 ਲੱਖ 18 ਹਜ਼ਾਰ 42 ਰੁਪਏ ਮੁਆਵਜ਼ਾ ਦਿੱਤਾ ਗਿਆ। ਪਸ਼ੂ, ਈ-ਰਿਕਸ਼ਾ ਅਤੇ ਆਟੋ ਆਦਿ ਦੇ ਨੁਕਸਾਨ 'ਤੇ 12 ਲੋਕਾਂ ਨੂੰ 4 ਲੱਖ 42 ਹਜ਼ਾਰ 875 ਰੁਪਏ ਮੁਆਵਜ਼ਾ ਦਿੱਤਾ ਗਿਆ ਹੈ। ਇਸ ਦੌਰਾਨ 22 ਝੁੱਗੀਆਂ ਨੁਕਸਾਨੀਆਂ ਗਈਆਂ ਸਨ, ਉਨ੍ਹਾਂ ਪੀੜਤਾਂ 'ਚ 5 ਲੱਖ 50 ਹਜ਼ਾਰ ਰੁਪਏ ਵੰਡੇ ਗਏ, ਜਦੋਂ ਕਿ ਦੰਗੇ ਦੀ ਲਪੇਟ 'ਚ 3 ਸਕੂਲ ਵੀ ਆਏ ਸਨ ਅਤੇ ਉਸ ਲਈ ਦਿੱਲੀ ਸਰਕਾਰ ਨੇ 20 ਲੱਖ ਰੁਪਏ ਮੁਆਵਜ਼ਾ ਦਿੱਤਾ ਸੀ। ਇਸ ਤਰ੍ਹਾਂ, ਦਿੱਲੀ ਸਰਕਾਰ ਨੇ 2221 ਦੰਗਾ ਪੀੜਤ ਲੋਕਾਂ 'ਚ 26 ਕਰੋੜ 9 ਲੱਖ 78 ਹਜ਼ਾਰ 416 ਰੁਪਏ ਮੁਆਵਜ਼ਾ ਵੰਡ ਚੁਕੀ ਹੈ। ਜਦੋਂ ਕਿ ਪਿਛਲੇ ਸਾਲ ਦਿੱਲੀ ਦੰਗੇ 'ਚ ਆਪਣਾ ਸਭ ਕੁਝ ਗਵਾ ਚੁਕੇ ਲੋਕਾਂ ਨੂੰ ਦਿੱਲੀ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ ਰਾਹਤ ਪਹੁੰਚਾਉਣ ਦੇ ਮਕਸਦ ਨਾਲ 25-25 ਹਜ਼ਾਰ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਸੀ।