ਕੋਵਿਡ-19: ਦਿੱਲੀ ’ਚ ਟੁੱਟਾ 6 ਮਹੀਨਿਆਂ ਦਾ ਰਿਕਾਰਡ, 24 ਘੰਟਿਆਂ ’ਚ ਆਏ ਕੋਰੋਨਾ ਦੇ 180 ਨਵੇਂ ਮਾਮਲੇ

Friday, Dec 24, 2021 - 06:37 PM (IST)

ਕੋਵਿਡ-19: ਦਿੱਲੀ ’ਚ ਟੁੱਟਾ 6 ਮਹੀਨਿਆਂ ਦਾ ਰਿਕਾਰਡ, 24 ਘੰਟਿਆਂ ’ਚ ਆਏ ਕੋਰੋਨਾ ਦੇ 180 ਨਵੇਂ ਮਾਮਲੇ

ਨਵੀਂ ਦਿੱਲੀ– ਦਿੱਲੀ ’ਚ ਹੁਣ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੇ ਰੋਜ਼ਾਨਾ ਅੰਕੜਿਆਂ ’ਚ ਤੇਜ਼ੀ ਨਾਲ ਉਛਾਲ ਆ ਰਿਹਾ ਹੈ। ਸ਼ੁੱਕਰਵਾਰ ਨੂੰ ਕੋਰੋਨਾ ਮਰੀਜ਼ਾਂ ਦੇ ਦੈਨਿਕ ਅੰਕੜੇ ਨੇ ਆਪਣੇ ਪਿਛਲੇ 6 ਮਹੀਨਿਆਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਰਾਜਧਾਨੀ ਦਿੱਲੀ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 180 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ ਪਿਛਲੇ 24 ਘੰਟਿਆਂ ’ਚ ਕਿਸੇ ਇਨਫੈਕਟਿਡ ਮਰੀਜ਼ ਦੀ ਜਾਨ ਨਹੀਂ ਗਈ ਪਰ ਦਿੱਲੀ ਸਰਕਾਰ ਅਤੇ ਦਿੱਲੀ ਵਾਲਿਆਂ ਦੀ ਚਿੰਤਾ ਵਧਣ ਲੱਗੀ ਹੈ। 

 

ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਹੈਲਥ ਬੁਲੇਟਿਨ ਮੁਤਾਬਕ ਕੋਰੋਨਾ ਜਾਂਚ ਕਰਨ ਦਾ ਅੰਕੜਾ 62,697 ਦਰਜ ਕੀਤਾ ਗਿਆ। ਦਿੱਲੀ ਦਾ ਪਾਜ਼ੇਟਿਵਿਟੀ ਰੇਟ ਵੀ ਹੁਣ ਵਧ ਕੇ 0.29 ਫੀਸਦੀ ਹੋ ਗਿਆ ਹੈ। ਦਿੱਲੀ ’ਚ ਨਵੇਂ ਮਰੀਜ਼ਾਂ ਦੇ ਆਉਣ ਤੋਂ ਬਾਅਦ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਗਈ ਹੈ। ਬੀਤੇ 24 ਘੰਟਿਆਂ ’ਚ ਰਿਕਵਰੀ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ 82 ਦਰਜ ਕੀਤੀ ਗਈ ਹੈ। ਹੋਮ ਆਈਸੋਲੇਸ਼ਨ ’ਚ ਮਰੀਜ਼ਾਂ ਦੀ ਗਿਣਤੀ ਵੀ ਵਧ ਕੇ 375 ਪਹੁੰਚ ਗਈ ਹੈ। 

ਦਿੱਲੀ ’ਚ ਹੁਣ ਤਕ ਕੋਰੋਨਾ ਦੇ ਕੁੱਲ 1442813 ਮਾਮਲੇ ਆਏ ਹਨ। ਇਨ੍ਹਾਂ ’ਚੋਂ 1416928 ਮਰੀਜ਼ ਠੀਕ ਹੋ ਚੁੱਕੇ ਹਨ। ਉਥੇ ਹੀ 25103 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਸਮੇਂ 782 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 


author

Rakesh

Content Editor

Related News