ਦਿੱਲੀ-NCR 'ਚ ਮੋਹਲੇਧਾਰ ਮੀਂਹ ਬਣਿਆ ਆਫ਼ਤ, ਸੜਕਾਂ 'ਤੇ ਲੱਗਾ ਲੰਬਾ ਜਾਮ, ਗੱਡੀਆਂ 'ਤੇ ਡਿੱਗੀ ਕੰਧ
Wednesday, Aug 19, 2020 - 03:29 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਸਵੇਰ ਤੋਂ ਹੀ ਭਾਰੀ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਇਹ ਆਫ਼ਤ ਵੀ ਬਣ ਕੇ ਆਈ। ਦਿੱਲੀ 'ਚ ਬੁੱਧਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਦਿੱਲੀ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਚੁੱਕਣੀ ਪਈ। ਪਾਣੀ ਭਰਨ ਕਾਰਨ ਲੰਬਾ ਟਰੈਫਿਕ ਜਾਮ ਲੱਗ ਗਿਆ। ਉੱਥੇ ਹੀ ਸਾਕੇਤ ਇਲਾਕੇ 'ਚ ਇਕ ਕੰਧ ਡਿੱਗਣ ਨਾਲ ਕਈ ਗੱਡੀਆਂ ਨੁਕਸਾਨੀਆਂ ਗਈਆਂ।
ਦਿੱਲੀ ਦੇ ਆਈ.ਟੀ.ਓ., ਮਦਰ ਡੇਅਰੀ ਅੰਡਰਪਾਸ, ਮਊਰ ਵਿਹਾਰ ਫੇਜ-2 ਅੰਡਰਪਾਸ, ਸਰਾਏ ਕਾਲੇ ਖਾਨ ਤੋਂ ਡੀ.ਐੱਨ.ਡੀ., ਸ਼ਸ਼ੀ ਗਾਰਡਨ ਤੋਂ ਕੋਟਲਾ, ਸੀਮਾਪੁਰੀ ਤੋਂ ਦਿਲਸ਼ਾਦ ਗਾਰਡਨ ਅੰਡਰਪਾਸ, ਮੈਦਾਨ ਗੜ੍ਹੀ 'ਚ ਐੱਮ.ਬੀ. ਰੋਡ 'ਤੇ ਪਾਣੀ ਭਰਨ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਗੱਡੀਆਂ ਰੇਂਗਦੀਆਂ ਹੋਈਆਂ ਅੱਗੇ ਵੱਧ ਰਹੀਆਂ ਹਨ। ਉੱਥੇ ਹੀ ਪਾਣੀ ਨੂੰ ਦੇਖ ਦੇ ਹੋਏ ਦਿੱਲੀ ਟਰੈਫਿਕ ਪੁਲਸ ਅਤੇ ਗੁਰੂਗ੍ਰਾਮ ਟਰੈਫਿਕ ਪੁਲਸ ਨੇ ਅਲਰਟ ਜਾਰੀ ਕੀਤਾ ਹੈ। ਦਿੱਲੀ ਟਰੈਫਿਕ ਪੁਲਸ ਨੇ ਪਾਣੀ ਨਾਲ ਭਰੇ ਰਸਤਿਆਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਰਸਤਿਆਂ 'ਚੋਂ ਲੰਘਣ ਤੋਂ ਬਚਣ ਦੀ ਸਲਾਹ ਦਿੱਤੀ ਹੈ।