ਦਿੱਲੀ : ਹਵਾ ਗੁਣਵੱਤਾ ਗੰਭੀਰ ਸ਼੍ਰੇਣੀ ''ਚ, ਲੋਕਾਂ ਨੂੰ ਦਿੱਤੀ ਇਹ ਸਲਾਹ

Sunday, Dec 23, 2018 - 05:29 PM (IST)

ਦਿੱਲੀ : ਹਵਾ ਗੁਣਵੱਤਾ ਗੰਭੀਰ ਸ਼੍ਰੇਣੀ ''ਚ, ਲੋਕਾਂ ਨੂੰ ਦਿੱਤੀ ਇਹ ਸਲਾਹ

ਨਵੀਂ ਦਿੱਲੀ— ਦਿੱਲੀ ਦੀ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਜਾਣ ਤੋਂ ਬਾਅਦ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੀਤ ਕਰਮਚਾਰੀ ਦਲ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਗਲੇ ਤਿੰਨ ਤੋਂ 5 ਦਿਨਾਂ ਤੱਕ ਘਰੋਂ ਬਾਹਰ ਨਿਕਲਣ ਤੋਂ ਬਚਣ ਅਤੇ ਨਿੱਜੀ ਗੱਡੀਆਂ ਦੀ ਵਰਤੋਂ ਤੋਂ ਪਰਹੇਜ਼ ਕਰਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ 'ਚ ਐਤਵਾਰ ਨੂੰ ਸਾਲ 'ਚ ਦੂਜੀ ਵਾਰ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਵਧ ਰਿਹਾ। ਮੌਸਮ ਸੰਬੰਧੀ ਸਥਿਤੀਆਂ ਕਾਰਨ ਆਉਣ ਵਾਲੇ ਕੁਝ ਦਿਨਾਂ ਤੱਕ ਦਿੱਲੀ ਦੀ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਬਣੀ ਰਹਿ ਸਕਦੀ ਹੈ। ਕੇਂਦਰੀ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜੇ ਦੱਸਦੇ ਹਨ ਕਿ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) 446 ਰਿਹਾ, ਜੋ ਗੰਭੀਰ ਸ਼੍ਰੇਣੀ 'ਚ ਆਉਂਦਾ ਹੈ। ਕੇਂਦਰ ਦੇ ਹਵਾ ਗੁਣਵੱਤਾ ਅਤੇ ਮੌਸਮ ਅਨੁਮਾਨ ਪ੍ਰਣਾਲੀ ਦੇ ਅੰਕੜੇ 'ਚ ਇਹ 471 ਰਿਹਾ। ਪੀਐੱਮ (ਪਾਰਾਮੀਟਰ) 2.5 ਦੇ ਗੰਭੀਰ ਅਤੇ ਐਮਰਜੈਂਸੀ ਸ਼੍ਰੇਣੀ 'ਚ ਪੁੱਜਣ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਸੀ.ਪੀ.ਸੀ.ਬੀ. ਨੇ ਬੈਠਕ ਕੀਤੀ। ਪੀਐੱਮ 2.5 ਦਾ ਪੱਧਰ ਵਧਣ 'ਤੇ ਘਰੋਂ ਨਿਕਲਣ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ ਅਤੇ ਸਟਰੋਕ ਦਾ ਖਤਰਾ ਵਧ ਸਕਦਾ ਹੈ।

ਸੁਪਰੀਮ ਕੋਰਟ ਵੱਲੋਂ ਨਿਯੁਕਤ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਅਥਾਰਟੀ ਨੇ ਬੈਠਕ 'ਚ ਕਈ ਸਿਫਾਰਿਸ਼ਾਂ ਕੀਤੀਆਂ ਹਨ, ਜਿਸ 'ਚ ਏਜੰਸੀਆਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਪਹਿਲਾਂ ਤੋਂ ਤੈਅ ਕੀਤੇ ਗਏ ਉਪਾਵਾਂ ਨੂੰ ਲਾਗੂ ਕਰਨ ਲਈ ਜ਼ਮੀਨੀ ਪੱਧਰ 'ਤੇ ਕਾਰਵਾਈ 'ਚ ਤੇਜ਼ੀ ਲਿਆਉਣ, ਖਾਸ ਤੌਰ 'ਤੇ ਗੱਡੀਆਂ ਦੀ ਨਿਕਾਸੀ ਅਤੇ ਬਾਓਮਾਸ ਸਾੜਨ 'ਤੇ ਰੋਕ ਲਗਾਉਣ। ਹੋਰ ਸਿਫਾਰਿਸ਼ਾਂ 'ਚ ਸੰਬੰਧਤ ਏਜੰਸੀਆਂ ਨੂੰ ਕਿਹਾ  ਹੈ ਕਿ ਉਨ੍ਹਾਂ ਥਾਂਵਾਂ 'ਤੇ ਨਿਗਰਾਨੀ ਵਧਾਉਣ, ਜਿੱਥੇ ਉਦਯੋਗਿਕ ਕੂੜਾ ਸੁੱਟਿਆ ਜਾਂਦਾ ਹੈ ਜਾਂ ਸਾੜਿਆ ਜਾਂਦਾ ਹੈ। ਨਿਗਰਾਨੀ ਖਾਸ ਤੌਰ 'ਤੇ ਉਨ੍ਹਾਂ ਇਲਾਕਿਆਂ 'ਚ ਵਧਾਈ ਜਾਵੇ, ਜਿੱਥੇ ਪ੍ਰਦੂਸ਼ਣ ਦਾ ਪੱਧਰ ਵਧ ਰਹਿੰਦਾ ਹੈ। ਇਸ ਦੇ ਨਾਲ ਹੀ ਪਾਣੀ ਦਾ ਛਿੜਕਾਅ ਕੀਤਾ ਜਾਵੇ ਅਤੇ ਆਵਾਜਾਈ ਪੁਲਸ ਘੱਟ ਆਵਾਜਾਈ ਯਕੀਨੀ ਕਰੇ। ਸੀ.ਪੀ.ਸੀ.ਬੀ. ਨੇ ਕਿਹਾ ਕਿ ਕਰਮਚਾਰੀ ਦਲ ਨੇ ਲੋਕਾਂ ਨੂੰ ਨਿੱਜੀ ਗੱਡੀਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ, ਵਿਸ਼ੇਸ਼ ਰੂਪ ਨਾਲ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਕਰਨ ਤੋਂ ਬਚਣ ਲਈ ਕਿਹਾ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਹਲਕੀ ਹਵਾ ਚੱਲਣ ਅਤੇ ਘੱਟ ਤਾਪਮਾਨ ਦਾ ਕਾਲ ਅਜੇ ਅਗਲੇ ਤਿੰਨ-ਚਾਰ ਦਿਨ ਜਾਰੀ ਰਹੇਗਾ। ਅਗਲੇ 2-3 ਦਿਨ ਤੱਕ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਬਣੀ ਰਹਿ ਸਕਦੀ ਹੈ।


Related News