ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਦਿੱਲੀ, ਹਵਾ ਇੰਨੀ ਜ਼ਹਿਰੀਲੀ ਹੋਈ
Monday, Nov 04, 2019 - 10:26 AM (IST)
ਨਵੀਂ ਦਿੱਲੀ— ਐਤਵਾਰ ਨੂੰ ਦਿੱਲੀ ਅਤੇ ਐੱਨ.ਸੀ.ਆਰ. 'ਚ ਹਲਕੀ ਬਾਰਸ਼ ਦੇ ਬਾਵਜੂਦ ਆਸਮਾਨ ਸਾਫ਼ ਨਹੀਂ ਹੋਇਆ। ਸਾਰੇ ਪਾਸੇ ਸਿਰਫ਼ ਧੂੰਆਂ ਹੀ ਧੂੰਆਂ ਦੇਖਣ ਨੂੰ ਮਿਲਿਆ। ਇਹ ਧੂੰਆਂ ਇੰਨਾ ਜ਼ਹਿਰੀਲਾ ਸੀ ਕਿ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ। ਐਤਵਾਰ ਨੂੰ ਰਾਜਧਾਨੀ ਦਾ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 1065 'ਤੇ ਸੀ। ਇਹ ਲਾਹੌਰ ਦੇ ਏ.ਕਊ.ਆਈ. (163) ਦੇ 7 ਗੁਣਾ ਹੈ।ਸੋਮਵਾਰ ਨੂੰ ਵੀ 600 ਪਾਰ ਏ.ਕਊ.ਆਈ.
ਦਿੱਲੀ ਅਤੇ ਐੱਨ.ਸੀ.ਆਰ. ਦੇ ਹਾਲਾਤ ਸੋਮਵਾਰ ਨੂੰ ਵੀ ਨਹੀਂ ਸੁਧਰੇ ਹਨ। ਅੱਜ ਵੀ ਪੱਧਰ ਐਮਰਜੈਂਸੀ ਸਥਿਤੀ ਵਾਲਾ ਹੈ। ਅੱਜ ਦਿੱਲੀ 'ਚ ਏ.ਕਊ.ਆਈ. 600 ਪਾਰ ਹੈ। ਉੱਥੇ ਹੀ ਨੋਇਡਾ, ਗੁਰੂਗ੍ਰਾਮ ਦੀ ਸਥਿਤੀ ਵੀ ਅਜਿਹੀ ਹੀ ਹੈ। ਦਿੱਲੀ ਦੁਨੀਆ 'ਚ ਹਾਲੇ ਵੀ ਟਾਪ 'ਤੇ ਹੈ।2016-2017 ਦੇ ਮੁਕਾਬਲੇ ਵਧ ਰਹੀ ਧੁੰਦ
ਰਾਜਧਾਨੀ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਹੀ ਜਾ ਰਹੇ ਹਨ। ਐਤਵਾਰ ਨੂੰ ਛਾਈ ਧੁੰਦ ਨਵੰਬਰ 2016 ਅਤੇ ਨਵੰਬਰ 2017 ਦੇ ਮੁਕਾਬਲੇ ਵੀ ਵਧ ਰਹੀ। ਐੱਨ.ਸੀ.ਆਰ. 'ਚ ਗਾਜ਼ੀਆਬਾਦ, ਨੋਇਡਾ, ਫਰੀਦਾਬਾਦ ਦੇ ਹਾਲਾਤ ਵੀ ਚੰਗੇ ਨਹੀਂ ਰਹੇ। ਇੱਥੇ ਵੀ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਤਰਨਾਕ ਬਣਿਆ ਹੋਇਆ ਸੀ।
ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਦਿੱਲੀ
ਪ੍ਰਦੂਸ਼ਣ ਦੀ ਜਾਣਕਾਰੀ ਦੇਣ ਵਾਲੀ ਏਅਰ ਵਿਜ਼ੁਅਲ ਵੈੱਬਸਾਈਟ (ਯੂ.ਐੱਸ. ਪੈਮਾਨਾ) ਅਨੁਸਾਰ ਦਿੱਲੀ ਐਤਵਾਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਇਸ ਲਿਸਟ 'ਚ ਢਾਕਾ ਦੂਜੇ ਨੰਬਰ 'ਤੇ ਸੀ ਪਰ ਉਸ ਦਾ ਏ.ਕਊ.ਆਈ. ਵੀ ਭਾਰਤ ਤੋਂ 7 ਗੁਣਾ ਘੱਟ ਰਿਹਾ। ਇਹ ਸਾਈਟ ਵਰਲਡ ਦੇ 90 ਵੱਡੇ ਸ਼ਹਿਰਾਂ ਦੀ ਹਵਾ 'ਤੇ ਨਜ਼ਰ ਰੱਖਦੀ ਹੈ। ਦੁਪਹਿਰ 1.45 ਵਜੇ ਲਾਹੌਰ ਨੇ ਢਾਕਾ ਨੂੰ ਪਿੱਛੇ ਛੱਡ ਕੇ ਨੰਬਰ 2 ਦੀ ਪੋਜਿਸ਼ਨ 'ਤੇ ਕਬਜ਼ਾ ਜਮਾਇਆ ਸੀ ਪਰ ਉਹ ਦਿੱਲੀ ਤੋਂ ਪਿੱਛੇ ਹੀ ਰਿਹਾ।
ਪਰਾਲੀ ਦੀ ਧੂੰਆਂ ਬਣਿਆ ਪ੍ਰਦੂਸ਼ਣ ਦਾ ਵੱਡਾ ਕਾਰਨ
ਦਿੱਲੀ 'ਚ ਇਸ ਸਮੇਂ ਪ੍ਰਦੂਸ਼ਣ ਦਾ ਵੱਡਾ ਕਾਰਨ ਪਰਾਲੀ ਦਾ ਧੂੰਆਂ ਹੈ। ਦਿ ਐਨਰਜੀ ਐਂਡ ਰਿਸੋਰਸ ਇੰਸਟੀਚਿਊਟ (ਟੀ.ਈ.ਆਰ.ਆਈ.) ਦੀ ਰਿਪੋਰਟ ਨੇ ਇਹ ਦਾਅਵਾ ਕੀਤਾ ਹੈ। ਇਸ ਅਨੁਸਾਰ ਪਰਾਲੀ ਦੇ ਪੀਰੀਅਡ 'ਚ ਦਿੱਲੀ ਨੂੰ ਪ੍ਰਦੂਸ਼ਿਤ ਕਰਨ 'ਚ ਪਰਾਲੀ ਦੇ ਧੂੰਏ ਦਾ ਯੋਗਦਾਨ 40 ਫੀਸਦੀ ਤੱਕ ਹੈ। ਦੂਜੇ ਨੰਬਰ 'ਤੇ ਇੰਡਸਟਰੀ, ਫਿਰ ਗੱਡੀਆਂ ਤੋਂ ਪੈਦਾ ਪ੍ਰਦੂਸ਼ਣ ਹੈ। ਟੇਰੀ ਨੇ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।
40 ਫੀਸਦੀ ਲੋਕ ਛੱਡਣਾ ਚਾਹੁੰਦੇ ਹਨ ਦਿੱਲੀ
ਪ੍ਰਦੂਸ਼ਣ ਤੋਂ ਪਰੇਸ਼ਾਨ ਦਿੱਲੀ-ਐੱਨ.ਸੀ.ਆਰ. ਦੇ 40 ਫੀਸਦੀ ਲੋਕ ਹੁਣ ਇਲਾਕੇ ਨੂੰ ਛੱਡਣਾ ਚਾਹੁੰਦੇ ਹਨ। 'ਲੋਕਲ ਸਰਕਲ' ਦੇ ਆਨਲਾਈਨ ਸਰਵੇ 'ਚ ਇਹ ਗੱਲ ਸਾਹਮਣੇ ਆਈ। ਪਿਛਲੇ ਸਾਲ 35 ਫੀਸਦੀ ਲੋਕਾਂ ਨੇ ਪ੍ਰਦੂਸ਼ਣ ਕਾਰਨ ਸ਼ਹਿਰ ਛੱਡਣ ਦੀ ਗੱਲ ਕਹੀ ਸੀ। ਸਰਵੇ ਦਿੱਲੀ, ਨੋਇਡਾ, ਗੁਰੂਗ੍ਰਾਮ, ਗਾਜ਼ੀਆਬਾਦ ਅਤੇ ਫਰੀਦਾਬਾਦ 'ਚ 17 ਹਜ਼ਾਰ ਲੋਕਾਂ 'ਤੇ ਕੀਤਾ ਗਿਆ। 44 ਫੀਸਦੀ ਨੇ ਮੰਨਿਆ ਕਿ ਪ੍ਰਦੂਸ਼ਣ ਦਾ ਸਿਹਤ 'ਤੇ ਕਾਫ਼ੀ ਅਸਰ ਪੈ ਰਿਹਾ ਹੈ, 29 ਫੀਸਦੀ ਨੇ ਕਿਹਾ ਕਿ ਡਾਕਟਰ ਕੋਲ ਜਾਣ ਦੀ ਲੋੜ ਪਈ ਹੈ।