ਦਿੱਲੀ ਪੁਲਸ ਨੂੰ ਮਿਲੇ ਹਿੰਸਾ ਨਾਲ ਜੁੜੇ 1,700 ਵੀਡੀਓ ਕਲਿੱਪ ਅਤੇ CCTV ਫੁਟੇਜ

01/31/2021 12:11:13 AM

ਨਵੀਂ ਦਿੱਲੀ - ਦਿੱਲੀ ਪੁਲਸ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨਾਲ ਸਬੰਧਿਤ ਹੁਣ ਤੱਕ 1,700 ਵੀਡੀਓ ਕਲਿੱਪ ਅਤੇ ਸੀਸੀਟੀਵੀ ਫੁਟੇਜ ਜਨਤਾ ਤੋਂ ਮਿਲੇ ਹਨ ਅਤੇ ਇਸ ਸਾਮਗਰੀ ਦਾ ਵਿਸ਼ਲੇਸ਼ਣ ਕਰਨ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਫਾਰੈਂਸਿਕ ਮਾਹਰਾਂ ਦੀ ਮਦਦ ਲਈ ਜਾ ਰਹੀ ਹੈ। ਸੰਯੁਕਤ ਪੁਲਸ ਕਮਿਸ਼ਨਰ (ਦੋਸ਼) ਬੀ.ਕੇ. ਸਿੰਘ  ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਅਤੇ ਆਈ.ਟੀ.ਓ. 'ਤੇ ਹੋਈ ਹਿੰਸਾ ਨਾਲ ਜੁੜੇ 9 ਮਾਮਲਿਆਂ ਦੀ ਜਾਂਚ ਕਰ ਰਹੀ ਅਪਰਾਧ ਸ਼ਾਖਾ ਮੋਬਾਇਲ ਫੋਨ ਕਾਲ ਦੇ ‘ਡੰਪ ਡਾਟਾ’ ਅਤੇ ਟਰੈਕਟਰਾਂ ਦੇ ਰਜਿਸ਼ਟ੍ਰੇਸ਼ਨ ਨੰਬਰ ਦੀ ਵੀ ਜਾਂਚ ਕਰ ਰਹੀ ਹੈ।

ਸਿੰਘ ਨੇ ਕਿਹਾ ਕਿ ਨੈਸ਼ਨਲ ਫਾਰੈਂਸਿਕ ਸਾਇੰਸੇਜ ਯੂਨੀਵਰਸਿਟੀ ਦੀ ਇੱਕ ਟੀਮ ਨੂੰ ਹਿੰਸਾ ਨਾਲ ਸਬੰਧਿਤ ਵੀਡੀਓ ਕਲਿੱਪ ਅਤੇ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕਰਨ ਲਈ ਬੁਲਾਇਆ ਗਿਆ ਹੈ। ਹਿੰਸਾ ਵਿੱਚ 394 ਪੁਲਸ ਮੁਲਾਜ਼ਮ ਜਖ਼ਮੀ ਹੋ ਗਏ ਸਨ ਅਤੇ 1 ਪ੍ਰਦਰਸ਼ਨਕਾਰੀ ਦੀ ਮੌਤ ਵੀ ਹੋ ਗਈ ਸੀ।

ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਪ੍ਰਮੁੱਖ ਸਮਾਚਾਰ-ਪੱਤਰਾਂ ਵਿੱਚ ਇੱਕ ਅਪੀਲ ਜਾਰੀ ਕੀਤੀ ਸੀ ਜਿਸ ਵਿੱਚ ਲੋਕਾਂ ਨੂੰ ਹਿੰਸਾ ਬਾਰੇ ਕੋਈ ਸਬੂਤ ਜਾਂ ਜਾਣਕਾਰੀ ਸਾਂਝਾ ਕਰਨ ਲਈ ਕਿਹਾ ਗਿਆ ਸੀ। ਸਿੰਘ ਨੇ ਕਿਹਾ ਕਿ ਸਾਡੀ ਅਪੀਲ ਤੋਂ ਬਾਅਦ ਦਿੱਲੀ ਪੁਲਸ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨਾਲ ਸਬੰਧਿਤ 1,700 ਵੀਡੀਓ ਕਲਿੱਪ ਅਤੇ ਸੀਸੀਟੀਵੀ ਫੁਟੇਜ ਜਨਤਾ ਤੋਂ ਮਿਲੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News