ਪੱਤਰਕਾਰ ਨਾਲ ਬਦਸਲੂਕੀ, ਦਿੱਲੀ ਪੁਲਸ ਨੇ ਮੰਗੀ ਮੁਆਫ਼ੀ

Saturday, Mar 24, 2018 - 02:20 PM (IST)

ਨਵੀਂ ਦਿੱਲੀ— ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਝੜਪ ਲਈ ਦਿੱਲੀ ਪੁਲਸ ਵੱਲੋਂ ਮੀਡੀਆ ਤੋਂ ਮੁਆਫ਼ੀ ਮੰਗੀ ਗਈ ਹੈ। ਸ਼ੁੱਕਰਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਸ ਨੇ ਵਿਦਿਆਰਥੀਆਂ ਨੂੰ ਹਟਾਉਣ ਲਈ ਲਾਠੀਚਾਰਜ ਕੀਤਾ ਸੀ। ਇਸ ਲਾਠੀਚਾਰਜ ਤੋਂ ਬਾਅਦ ਇਕ ਮਹਿਲਾ ਮੀਡੀਆ ਕਰਮਚਾਰੀ ਨੇ ਪੁਲਸ ਕਰਮਚਾਰੀਆਂ 'ਤੇ ਛੇੜਛਾੜ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਦਿੱਲੀ ਪੁਲਸ ਦੇ ਪੀ.ਆਰ.ਓ. ਮਧੁਰ ਵਰਮਾ ਨੇ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਕਿਹਾ ਕਿ ਸਾਰਾ ਕੁਝ ਗਲਤਫਹਿਮੀ ਕਾਰਨ ਹੋਇਆ। ਮਧੁਰ ਵਰਮਾ ਨੇ ਕਿਹਾ ਕੱਲ ਜੋ ਹੋਇਆ ਉਹ ਮੰਦਭਾਗਾ ਸੀ। ਅਸੀਂ ਮੀਡੀਆ ਤੋਂ ਮੁਆਫ਼ੀ ਮੰਗਦੇ ਹਾਂ। ਸਾਡਾ ਮਕਸਦ ਮੀਡੀਆ ਨੂੰ ਉਨ੍ਹਾਂ ਦੇ ਕੰਮ ਤੋਂ ਰੋਕਣਾ ਨਹੀਂ ਸੀ। ਗਲਤਫਹਿਮੀ 'ਚ ਕਿਸੇ ਮਹਿਲਾ ਪੁਲਸ ਕਰਮਚਾਰੀ ਨੇ ਇਕ ਫੋਟੋ ਜਰਨਲਿਸਟ ਨੂੰ ਪ੍ਰਦਰਸ਼ਨਕਾਰੀ ਸਮਝ ਲਿਆ ਸੀ। ਮਧੁਰ ਵਰਮਾ ਨੇ ਅੱਗੇ ਕਿਹਾ ਕਿ,''ਪੁਲਸ ਨੇ ਵਾਟਰ ਕੈਨਨ ਦੀ ਵਰਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਕੀਤੀ ਸੀ, ਜੋ ਬੈਰੀਕੇਡਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਲੇਡੀ ਕਾਂਸਟੇਬਲ ਨੂੰ ਇਹ ਨਹੀਂ ਪਤਾ ਸੀ ਕਿ ਉਹ ਮਹਿਲਾ ਇਕ ਪੱਤਰਕਾਰ ਹੈ। ਇਹ ਇਕ ਗਲਤਫਹਿਮੀ ਸੀ ਅਤੇ ਗਲਤ ਹੋਇਆ, ਅਸੀਂ ਜਾਂਚ ਕਰਾਂਗੇ।''


ਕਿਉਂ ਹੋ ਰਿਹਾ ਸੀ ਪ੍ਰਦਰਸ਼ਨ
ਜੇ.ਐੱਨ.ਯੂ. ਦੇ ਵਿਦਿਆਰਥੀ-ਵਿਦਿਆਰਥਣਾਂ ਪ੍ਰੋਫੈਸਰ ਅਤੁਲ ਜੌਹਰੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ 'ਤੇ ਜੇ.ਐੱਨ.ਯੂ. ਦੀਆਂ ਵਿਦਿਆਰਥਣਾਂ ਨੇ ਹੀ ਯੌਨ ਉਤਪੀੜਨ ਦਾ ਦੋਸ਼ ਲਗਾਇਆ ਸੀ। ਇਹ ਮਾਰਚ ਅਤੁਲ ਜੌਹਰੀ ਅਤੇ ਵੀ.ਸੀ. ਦੇ ਖਿਲਾਫ ਐਜ਼ੂਕੇਸ਼ਨ ਦੇ ਮੁੱਦਿਆਂ ਨੂੰ ਲੈ ਕੇ ਕੱਢਿਆ ਗਿਆ ਸੀ। ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਮੌਜੂਦ ਸਨ।


Related News