ਦਿੱਲੀ ਦੀਆਂ ਜ਼ਿਆਦਾਤਰ ਮੁਸਲਿਮ ਜਨਾਨੀਆਂ ਨੇ ਤਿੰਨ ਤਲਾਕ ''ਤੇ ਕੋਰਟ ਦੇ ਫੈਸਲੇ ਦਾ ਕੀਤਾ ਸਮਰਥਨ

07/17/2020 5:01:18 PM

ਨਵੀਂ ਦਿੱਲੀ- ਦਿੱਲੀ ਦੀ ਘੱਟ ਗਿਣਤੀ ਕਮਿਸ਼ਨ (ਡੀ.ਐੱਮ.ਸੀ.) ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਉੱਤਰ-ਪੂਰਬੀ ਦਿੱਲੀ 'ਚ ਮੁਸਲਮਾਨਾਂ 'ਚ ਬਹੁ ਵਿਆਹ ਪ੍ਰਚਲਿਤ ਨਹੀਂ ਹੈ ਅਤੇ ਭਾਈਚਾਰੇ ਦੀਆਂ ਜ਼ਿਆਦਾਤਰ ਔਰਤਾਂ 'ਤਿੰਨ ਤਲਾਕ' 'ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਮਰਥਨ ਕਰਦੀਆਂ ਹਨ। ਕਮਿਸ਼ਨ ਨੇ ਇਹ ਰਿਪੋਰਟ ਤਿਆਰ ਕਰਨ ਲਈ ਆਪਣੇ ਅਧਿਐਨ 'ਚ ਉੱਤਰ-ਪੂਰਬੀ ਦਿੱਲੀ ਦੇ 30 ਇਲਾਕਿਆਂ ਦੀਆਂ 600 ਜਨਾਨੀਆਂ ਨਾਲ ਗੱਲ ਕੀਤੀ। ਰਾਸ਼ਟਰੀ ਰਾਜਧਾਨੀ 'ਚ ਸਭ ਤੋਂ ਵੱਧ ਮੁਸਲਮਾਨ ਉੱਤਰ-ਪੂਰਬੀ ਦਿੱਲੀ 'ਚ ਹੀ ਰਹਿੰਦੇ ਹਨ। ਅਧਿਐਨ 'ਚ ਪਾਇਆ ਗਿਆ ਕਿ ਇੱਥੇ ਭਾਈਚਾਰੇ 'ਚ ਏਕਲ ਵਿਆਹ ਦਾ ਚਲਨ ਹੈ ਅਤੇ ਤਲਾਕ ਦੇ ਮਾਮਲੇ ਬਹੁਤ ਘੱਟ ਹਨ। ਰਿਪੋਰਟ ਅਨੁਸਾਰ ਸੁਪਰੀਮ ਕੋਰਟ ਦੇ ਤਿੰਨ ਤਲਾਕ 'ਤੇ ਦਿੱਤੇ ਫੈਸਲੇ ਤੋਂ ਜਾਣੂੰ ਹੋਣ ਬਾਰੇ ਪੁੱਛੇ ਜਾਣ 'ਤੇ ਅਧਿਐਨ 'ਚ ਸ਼ਾਮਲ ਕੀਤੀਆਂ ਗਈਆਂ 93 ਫੀਸਦੀ ਜਨਾਨੀਆਂ ਨੇ 'ਹਾਂ' 'ਚ ਜਵਾਬ ਦਿੱਤਾ।

ਰਿਪੋਰਟ 'ਚ ਕਿਹਾ ਗਿਆ ਹੈ,''ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਜਨਾਨੀਆਂ ਜੋ ਕੋਰਟ ਦੇ ਫੈਸਲੇ ਤੋਂ ਜਾਣੂੰ ਹਨ, ਉਨ੍ਹਾਂ ਨੇ ਉਸ ਦਾ ਸਵਾਗਤ ਕੀਤਾ। ਨਾਲ ਹੀ, ਕੁਝ ਜਨਾਨੀਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਮੁਸਲਿਮ ਔਰਤਾਂ ਨੂੰ ਨਵਾਂ ਜੀਵਨ ਮਿਲਿਆ ਹੈ।'' ਇਸ 'ਚ ਕਿਹਾ ਗਿਆ ਹੈ ਕਿ ਸਿਰਫ਼ ਕੁਝ ਹੀ ਜਨਾਨੀਆਂ ਨੇ ਕਿਹਾ,''ਕੋਰਟ ਦਾ ਭਾਵੇਂ ਜੋ ਵੀ ਫੈਸਲਾ ਹੋਵੇ, ਉਨ੍ਹਾਂ ਦੀ ਸੰਸਕ੍ਰਿਤੀ 'ਚ ਜੋ ਪ੍ਰਥਾ ਚੱਲ ਰਹੀ ਹੈ, ਉਹ ਜਾਰੀ ਰਹੇਗੀ।'' ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ 2017 'ਚ ਦਿੱਤੇ ਆਪਣੇ ਇਕ ਫੈਸਲੇ 'ਚ ਤਿੰਨ ਤਲਾਕ ਦੀ ਪ੍ਰਥਾ 'ਚ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ। ਡੀ.ਐੱਮ.ਸੀ. ਦੇ ਪ੍ਰਧਾਨ ਜਫਰੂਲ ਇਸਲਾਮ ਖਾਨ ਨੇ ਵੀਰਵਾਰ ਨੂੰ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਤਿੰਨ ਤਲਾਕ ਦਾ ਕੁਝ ਅਗਿਆਨੀ ਪੁਰਸ਼ਾਂ ਨੇ ਇਸਤੇਮਾਲ ਕੀਤਾ। ਅਧਿਐਨ ਦੇ ਹਿੱਸੇ ਦੇ ਤੌਰ 'ਤੇ 'ਡੈਵਲਪਮੈਂਟ ਓਰੀਏਂਟੇਡ ਆਪਰੇਸ਼ਨਜ਼ ਰਿਸਰਚ ਐਂਡ ਸਰਵੇ' (ਡੀ.ਓ.ਓ.ਆਰ.ਐੱਸ.) ਨੇ ਜਨਵਰੀ ਅਤੇ ਫਰਵਰੀ 'ਚ ਜਨਾਨੀਆਂ ਤੋਂ ਉਨ੍ਹਾਂ ਦੇ ਵਿਚਾਰ ਪੁੱਛੇ ਸਨ। ਇਨ੍ਹਾਂ 'ਚੋਂ 63.3 ਫੀਸਦੀ ਜਨਾਨੀਆਂ ਵਿਆਹੀਆਂ ਸਨ। ਰਿਪੋਰਟ 'ਚ ਕਿਹਾ ਗਿਆ ਹੈ,''ਇਹ ਦਰਸਾਉਂਦਾ ਹੈ ਕਿ ਮੁਸਲਮਾਨਾਂ 'ਚ ਬਹੁ ਵਿਆਹ ਪ੍ਰਚਲਿਤ ਹੋਣ ਦੀ ਧਾਰਨਾ ਗਲਤ ਹੈ। ਅਧਿਐਨ 'ਚ ਹਿੱਸਾ ਲੈਣ ਵਾਲੀਆਂ ਸਾਰੀਆਂ ਜਨਾਨੀਆਂ ਦਾ ਮੰਨਣਾ ਸੀ ਕਿ ਬਹੁ ਵਿਆਹ ਗਲਤ ਹੈ।''


DIsha

Content Editor

Related News