ਦਿੱਲੀ ’ਚ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ LG ਨੇ ਜਨਤਾ ਤੋਂ ਮੰਗੀ ਰਾਏ
Monday, Jul 04, 2022 - 05:34 PM (IST)
ਨਵੀਂ ਦਿੱਲੀ— ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਪੀਣ ਵਾਲੇ ਪਾਣੀ ਦੀ ਮੰਗ ਨੂੰ ਪੂਰਾ ਕਰਨ ਅਤੇ ਇਸ ਮਾਮਲੇ 'ਚ ਆਤਮ-ਨਿਰਭਰ ਬਣਾਉਣ ਲਈ ਜਨਤਾ ਤੋਂ ਸੁਝਾਅ ਮੰਗੇ। ਉੱਪ ਰਾਜਪਾਲ ਨੇ ਕਿਹਾ ਕਿ ਦਿੱਲੀ ਦੀ ਪਾਣੀ ਦੀ ਮੰਗ ਇਕਸਾਰ ਨਹੀਂ ਹੈ ਅਤੇ ਪ੍ਰਤੀ ਦਿਨ ਲਗਭਗ 28 ਮਿਲੀਅਨ ਗੈਲਨ (ਐੱਮ. ਜੀ. ਡੀ) ਪੀਣ ਵਾਲੇ ਪਾਣੀ ਦੀ ਘਾਟ ਹੈ। ਉੱਪ ਰਾਜਪਾਲ ਨੇ ਟਵੀਟ ਕੀਤਾ, “ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ, ਆਓ ਅਸੀਂ ਮਿਲ ਕੇ ਪਾਣੀ ਦੀ ਸੰਭਾਲ ਕਰਕੇ ਅਤੇ ਧਰਤੀ ਹੇਠਲੇ ਪਾਣੀ ਨੂੰ ਵਧਾ ਕੇ ਰਾਜਧਾਨੀ ਨੂੰ ਆਤਮ-ਨਿਰਭਰ ਬਣਾਈਏ। ਤੁਹਾਡੇ ਸੁਝਾਅ ਅਤੇ ਭਾਗੀਦਾਰੀ ਨਾਲ ਹੀ ਇਸ ਨੂੰ ਹਾਸਲ ਕਰਨ ਵਿਚ ਮਦਦ ਕਰੇਗੀ।"
ਰਾਸ਼ਟਰੀ ਰਾਜਧਾਨੀ ਪਾਣੀ ਲਈ ਗੁਆਂਢੀ ਸੂਬਿਆਂ 'ਤੇ ਨਿਰਭਰ ਹੈ: ਇਸ ਨੂੰ ਹਰਿਆਣਾ ਤੋਂ ਦੋ ਨਹਿਰਾਂ- ਕੈਰੀਅਰ-ਲਾਈਨਡ ਚੈਨਲ (368 MGD) ਅਤੇ ਦਿੱਲੀ ਉਪ-ਸ਼ਾਖਾ (177) ਅਤੇ ਯਮੁਨਾ (65 MGD) ਰਾਹੀਂ ਹਰਿਆਣਾ ਤੋਂ 675 MGD ਪਾਣੀ ਮਿਲਦਾ ਹੈ। ਇਸ ਤੋਂ ਇਲਾਵਾ ਉੱਪਰੀ ਗੰਗਾ ਨਹਿਰ ਜ਼ਰੀਏ ਉੱਤਰ ਪ੍ਰਦੇਸ਼ ਤੋਂ 253 ਐੱਮ. ਜੀ. ਡੀ ਪਾਣੀ ਪ੍ਰਾਪਤ ਹੁੰਦਾ ਹੈ ਅਤੇ ਬਾਕੀ ਸਾਰਾ ਦਿੱਲੀ ਵਿਚ ਲਗਾਏ ਗਏ ਖੂਹਾਂ ਅਤੇ ਟਿਊਬਵੈੱਲਾਂ ਤੋਂ ਲਿਆ ਜਾਂਦਾ ਹੈ।
ਦਿੱਲੀ ਜਲ ਬੋਰਡ (DJB) ਨਿਵਾਸੀਆਂ ਨੂੰ 990 MGD ਪਾਣੀ ਦੀ ਸਪਲਾਈ ਕਰਦਾ ਹੈ। ਹਰਿਆਣਾ ਨੇ ਯਮੁਨਾ ਅਤੇ ਦੋ ਨਹਿਰਾਂ ਵਿਚ ਘੱਟ ਪਾਣੀ ਛੱਡਣ ਕਾਰਨ ਦਿੱਲੀ ਨੂੰ ਇਸ ਗਰਮੀਆਂ ’ਚ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਜਲ ਬੋਰਡ ਨੇ 30 ਅਪ੍ਰੈਲ ਤੋਂ 18 ਜੂਨ ਦਰਮਿਆਨ ਹਰਿਆਣਾ ਸਿੰਚਾਈ ਵਿਭਾਗ ਨੂੰ 9 ਪੱਤਰ ਲਿਖ ਕੇ ਨਦੀ ’ਚ ਵਾਧੂ ਪਾਣੀ ਛੱਡਣ ਦੀ ਅਪੀਲ ਕੀਤੀ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਕਸੈਨਾ ਨੇ ਦਿੱਲੀ ਵਿਚ ‘ਕੂੜੇ ਦੇ ਪਹਾੜ’ ਨੂੰ ਸਾਫ਼ ਕਰਨ, ਯਮੁਨਾ ਦੀ ਸਫਾਈ ਅਤੇ ਹਵਾ ਦੀ ਗੁਣਵੱਤਾ ’ਚ ਸੁਧਾਰ ਲਈ ਜਨਤਾ ਤੋਂ ਸੁਝਾਅ ਮੰਗੇ ਸਨ। ਉਨ੍ਹਾਂ ਕਿਹਾ ਸੀ ਕਿ ਦਿੱਲੀ 784 ਐੱਮ.ਜੀ. ਡੀ ਸੀਵਰੇਜ (ਸੀਵਰੇਜ ਦਾ ਪਾਣੀ) ਯਮੁਨਾ ਵਿਚ ਛੱਡਦੀ ਹੈ, ਜਿਸ ਨਾਲ ਨਦੀ ਇਕ ਗੰਦੇ ਨਾਲੇ ’ਚ ਬਦਲ ਗਈ ਹੈ ਅਤੇ ਰਾਜਧਾਨੀ ’ਚ ਕੂੜੇ ਦੇ ਪਹਾੜ ਇਕ ‘ਰਾਸ਼ਟਰੀ ਸ਼ਰਮ’ ਦੇ ਬਰਾਬਰ ਹੈ।