ਦਿੱਲੀ ਨੂੰ 24 ਘੰਟੇ ਪਾਣੀ ਦੀ ਸਪਲਾਈ ਦੇਣਾ ਹੈ ਦੂਰ ਦਾ ਸੁਪਨਾ

Sunday, Jun 23, 2019 - 03:32 PM (IST)

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਾਸੀਆਂ ਨੂੰ 24 ਘੰਟੇ ਪਾਈਪ ਲਾਈਨ ਜ਼ਰੀਏ ਪਾਣੀ ਦੀ ਸਪਲਾਈ ਕਰਨ ਦਾ ਦਿੱਲੀ ਸਰਕਾਰ ਦਾ ਸੁਪਨਾ ਅਜੇ ਬਹੁਤ ਦੂਰ ਹੈ। ਇਸ ਪ੍ਰਾਜੈਕਟ ਨੂੰ ਲੈ ਕੇ ਸ਼ੁਰੂ ਕੀਤੇ ਗਏ 'ਪਾਇਲਟ ਪ੍ਰਾਜੈਕਟ' ਦੀ ਸਥਿਤੀ ਨੂੰ ਦੇਖੀਏ ਤਾਂ ਅਜਿਹਾ ਲੱਗਦਾ ਹੈ ਕਿ ਦਹਾਕਿਆਂ ਬਾਅਦ ਵੀ ਇਹ ਸੁਪਨਾ ਸਿਰਫ ਸੁਪਨਾ ਹੀ ਨਾ ਬਣਿਆ ਰਿਹਾ ਜਾਵੇ। ਦਿੱਲੀ ਜਲ ਬੋਰਡ ਨੇ 2009 ਵਿਚ ਸਾਰਿਆਂ ਨੂੰ 24 ਘੰਟੇ ਪਾਣੀ ਦੇਣ ਦਾ ਵਿਚਾਰ ਬਣਾਇਆ ਅਤੇ 2013 ਵਿਚ ਇਕ ਕੰਪਨੀ ਨਾਲ ਮਿਲ ਕੇ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ। ਇਸ ਪ੍ਰਾਜੈਕਟ ਦਾ ਟੀਚਾ ਦਸੰਬਰ 2014 ਤਕ ਮਾਲਵੀਯ ਨਗਰ ਦੇ 50,000 ਅਤੇ ਵਸੰਤ ਵਿਹਾਰ ਦੇ 8,000 ਕਨੈਕਸ਼ਨਾਂ ਨੂੰ 24 ਘੰਟੇ ਪਾਣੀ ਮੁਹੱਈਆ ਕਰਾਉਣਾ ਸੀ।

ਇਸ ਪ੍ਰਾਜੈਕਟ ਦੇ ਮੁਖੀ ਅਤੇ ਇੰਜੀਨੀਅਰ ਵਰਿੰਦਰ ਕੁਮਾਰ ਮੁਤਾਬਕ ਪ੍ਰਾਜੈਕਟ ਸ਼ੁਰੂ ਹੋਣ ਦੇ ਕਰੀਬ 6 ਸਾਲ ਬਾਅਦ ਵੀ ਅਜੇ ਤਕ ਮਾਲਵੀਯ ਨਗਰ ਦੇ ਨਵਜੀਵਨ ਵਿਹਾਰ ਅਤੇ ਗੀਤਾਂਜਲੀ ਐਨਕਲੇਵ ਵਿਚ ਕਰੀਬ 800 ਅਤੇ ਵਸੰਤ ਵਿਹਾਰ ਦੇ ਕਰੀਬ 450 ਕਨੈਕਸ਼ਨਾਂ ਨੂੰ ਹੀ 24 ਘੰਟੇ ਪਾਣੀ ਮਿਲ ਪਾ ਰਿਹਾ ਹੈ। ਸਿਰਫ ਇੰਨਾ ਹੀ ਨਹੀਂ, ਇਹ ਪਾਇਲਟ ਪ੍ਰਾਜੈਕਟ ਇਸ ਲਈ ਵੀ ਪੂਰਾ ਨਹੀਂ ਹੋ ਪਾ ਰਿਹਾ, ਕਿਉਂਕਿ ਜਲ ਬੋਰਡ ਕੋਲ 24 ਘੰਟੇ ਪਾਣੀ ਦੀ ਸਪਲਾਈ ਦੇ ਲਾਇਕ ਪਾਣੀ ਨਹੀਂ ਹੈ। ਔਸਤਨ ਦਿੱਲੀ ਵਿਚ ਹਰੇਕ ਕਨੈਕਸ਼ਨ ਨੂੰ ਦਿਨ 'ਚ 4 ਘੰਟੇ ਪਾਣੀ ਦੀ ਸਪਲਾਈ ਹੁੰਦੀ ਹੈ। ਦਿੱਲੀ ਜਲ ਬੋਰਡ ਇਕ ਦਿਨ ਵਿਚ 93.5 ਕਰੋੜ ਗੈਲਨ ਪਾਣੀ ਦੀ ਸਪਲਾਈ ਕਰਦਾ ਹੈ, ਜਦਕਿ ਮੰਗ 114 ਕਰੋੜ ਗੈਲਨ ਪਾਣੀ ਦੀ ਹੈ।


Tanu

Content Editor

Related News