ਦਿੱਲੀ ਹਿੰਸਾ ਦੀ ਦੋਸ਼ੀ ਨਤਾਸ਼ਾ ਨਰਵਾਲ ਨੂੰ ਹਾਈ ਕੋਰਟ ਨੇ ਪਿਤਾ ਦੇ ਅੰਤਿਮ ਸੰਸਕਾਰ ਲਈ ਜ਼ਮਾਨਤ ਦਿੱਤੀ
Monday, May 10, 2021 - 02:25 PM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਉੱਤਰ-ਪੂਰਬੀ ਦਿੱਲੀ 'ਚ ਹੋਏ ਫਿਰਕੂ ਦੰਗਿਆਂ ਦੇ ਸੰਬੰਧ 'ਚ ਪਿਛਲੇ ਸਾਲ ਮਈ 'ਚ ਗ੍ਰਿਫ਼ਤਾਰ ਜੇ.ਐੱਨ.ਯੂ. ਦੀ ਵਿਦਿਆਰਥਣ ਨਤਾਸ਼ਾ ਨਰਵਾਲ ਨੂੰ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ। ਨਰਵਾਲ ਦੇ ਪਿਤਾ ਦਾ ਕੋਰੋਨਾ ਦੇ ਸੰਕਰਮਣ ਕਾਰਨ ਦਿਹਾਂਤ ਹੋ ਗਿਆ। ਜੱਜ ਸਿਧਾਰਥ ਮ੍ਰਿਦੁਲ ਅਤੇ ਜੱਜ ਏ.ਜੇ. ਭੰਭਾਨੀ ਦੀ ਬੈਂਚ ਨੇ 'ਪਿੰਜੜਾ ਤੋੜ' ਮੁਹਿੰਮ ਦੀ ਵਰਕਰ ਨਰਵਾਲ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ 3 ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦਿੱਤੀ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੀ ਵਿਦਿਆਰਥਣ ਨਰਵਾਲ ਦੇ ਭਰਾ ਵੀ ਕੋਰੋਨਾ ਨਾਲ ਪੀੜਤ ਹਨ ਅਤੇ ਅਦਾਲਤ ਨੇ ਇਸੇ ਆਧਾਰ 'ਤੇ ਉਨ੍ਹਾਂ ਨੂੰ ਇਹ ਰਾਹਤ ਦਿੱਤੀ। ਵਕੀਲ ਅਦਿਤ ਐੱਸ. ਪੁਜਾਰੀ ਵਲੋਂ ਦਾਖ਼ਲ ਨਰਵਾਲ ਦੀ ਪਟੀਸ਼ਨ ਦਾ ਸਰਕਾਰ ਨੇ ਵੀ ਵਿਰੋਧ ਨਹੀਂ ਕੀਤਾ। 'ਪਿੰਜੜਾ ਤੋੜ' ਮੁਹਿੰਮ ਦੀ ਸ਼ੁਰੂਆਤ 2015 'ਚ ਹੋਈ ਸੀ, ਜਿਸ ਦਾ ਮਕਸਦ ਹੋਸਟਲਾਂ ਅਤੇ ਪੇਇੰਗ ਗੈਸਟ 'ਚ ਵਿਦਿਆਰਥੀਆਂ ਲਈ ਪਾਬੰਦੀਆਂ ਨੂੰ ਖ਼ਤਮ ਕਰਨਾ ਸੀ।