ਵਿਆਹ ਲਈ ਮੁੰਡੇ-ਕੁੜੀ ਦੀ ਉਮਰ 'ਚ ਫਰਕ ਕਿਉਂ? ਹਾਈ ਕੋਰਟ 'ਚ ਪਟੀਸ਼ਨ ਦਾਇਰ
Wednesday, Aug 14, 2019 - 01:40 PM (IST)

ਨਵੀਂ ਦਿੱਲੀ— ਦਿੱਲੀ ਹਾਈ ਕੋਰਟ 'ਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਲਿੰਗ ਸਮਾਨਤਾ ਦਾ ਹਵਾਲਾ ਦਿੰਦੇ ਹੋਏ ਵਿਆਹ ਦੀ ਉਮਰ ਤੈਅ ਕਰਨ 'ਤੇ ਸਵਾਲ ਚੁੱਕੇ ਗਏ ਹਨ। ਪਟੀਸ਼ਨ ਵਿਚ ਮੁੰਡੇ ਅਤੇ ਕੁੜੀ ਦੀ ਉਮਰ ਵੱਖ-ਵੱਖ ਹੋਣ 'ਤੇ ਸਵਾਲ ਚੁੱਕੇ ਗਏ ਹਨ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮੁੰਡੇ ਅਤੇ ਕੁੜੀ ਦੀ ਉਮਰ ਇਕ ਬਰਾਬਰ ਤੈਅ ਕਿਉਂ ਨਹੀਂ ਕੀਤੀ ਗਈ। ਜਨਹਿੱਤ ਪਟੀਸ਼ਨ ਭਾਜਪਾ ਪਾਰਟੀ ਦੇ ਆਗੂ ਅਤੇ ਵਕੀਲ ਅਸ਼ਵਨੀ ਉਪਾਧਿਆਏ ਵਲੋਂ ਦਾਇਰ ਕੀਤੀ ਗਈ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮੁੰਡੇ ਦੇ ਵਿਆਹ ਦੀ ਉਮਰ 21 ਸਾਲ ਅਤੇ ਕੁੜੀ ਦੇ ਵਿਆਹ ਦੀ ਉਮਰ 18 ਸਾਲ ਕਿਉਂ ਹੈ? ਇਹ ਗੱਲ ਭੇਦਭਾਵਪੂਰਨ ਹੈ ਕਿ ਭਾਰਤ ਵਿਚ ਮੁੰਡੇ ਅਤੇ ਕੁੰੜੀ ਅਤੇ ਵਿਆਹ ਦੀ ਔਸਤਨ ਉਮਰ ਹੱਦ ਵੱਖ-ਵੱਖ ਹੈ। ਵਿਆਹ ਦੀ ਉਮਰ ਵਿਚ ਇਹ ਫਰਕ ਲਿੰਗ ਸਮਾਨਤਾ ਵਿਰੁੱਧ ਹੈ। ਵਿਆਹ ਦੀ ਉਮਰ ਦਾ ਅਜਿਹਾ ਫਰਕ ਔਰਤਾਂ ਦੀ ਮਰਿਆਦਾ ਅਤੇ ਨਿਆਂ ਦੇ ਵਿਰੁੱਧ ਹੈ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਇਕ ਸਮਾਜਿਕ ਹਕੀਕਤ ਹੈ, ਵਿਆਹੁਤਾ ਔਰਤਾਂ ਤੋਂ ਆਪਣੇ ਪਤੀ ਦੇ ਅਧੀਨ ਰਹਿਣ ਦੀ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ। ਇਹ ਸ਼ਕਤੀ ਅਸੰਤੁਲਨ ਉਮਰ ਦੇ ਫਰਕ ਨਾਲ ਹੋਰ ਡੂੰਘਾ ਹੋ ਰਿਹਾ ਹੈ। ਇੱਥੇ ਦੱਸ ਦੇਈਏ ਕਿ ਭਾਰਤ 'ਚ ਮੁੰਡੇ ਨੂੰ 21 ਸਾਲ ਦੀ ਉਮਰ ਵਿਚ ਵਿਆਹ ਕਰਨ ਦੀ ਆਗਿਆ ਹੈ, ਉੱਥੇ ਹੀ ਕੁੜੀ ਨੂੰ 18 ਸਾਲ ਦੀ ਉਮਰ ਵਿਚ ਵਿਆਹ ਕਰਨ ਦੀ ਆਗਿਆ ਹੈ।