ਔਰਤਾਂ ਲਈ ਸਟਾਪ ''ਤੇ ਬੱਸ ਨਾ ਰੋਕਣ ਵਾਲੇ ਡਰਾਈਵਰ ਨੂੰ ਦਿੱਲੀ ਸਰਕਾਰ ਨੇ ਕੀਤਾ ਮੁਅੱਤਲ

Thursday, May 18, 2023 - 05:58 PM (IST)

ਔਰਤਾਂ ਲਈ ਸਟਾਪ ''ਤੇ ਬੱਸ ਨਾ ਰੋਕਣ ਵਾਲੇ ਡਰਾਈਵਰ ਨੂੰ ਦਿੱਲੀ ਸਰਕਾਰ ਨੇ ਕੀਤਾ ਮੁਅੱਤਲ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਰਕਾਰ ਨੇ ਵੀਰਵਾਰ ਨੂੰ ਉਸ ਬੱਸ ਡਰਾਈਵਰ ਨੂੰ ਮੁਅੱਤਲ ਕਰ ਦਿੱਤਾ, ਜਿਸ ਨੇ ਇਕ ਬੱਸ ਸਟਾਪ 'ਤੇ ਔਰਤਾਂ ਲਈ ਗੱਡੀ ਨਹੀਂ ਰੋਕੀ ਸੀ। ਘਟਨਾ ਦਾ ਵੀਡੀਓ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਵੀਡੀਓ 'ਚ ਦਿੱਸ ਰਿਹਾ ਹੈ ਕਿ ਬੱਸ ਇਕ ਸਵਾਰੀ ਨੂੰ ਉਤਾਰਨ ਲਈ ਬੱਸ ਸਟਾਪ 'ਤੇ ਰੁਕਦੀ ਹੈ ਤਾਂ ਤਿੰਨ ਔਰਤਾਂ ਗੱਡੀ 'ਚ ਸਵਾਰ ਹੋਣ ਲਈ ਉਸ ਵੱਲ ਵਧਦੀਆਂ ਹਨ ਪਰ ਡਰਾਈਵਰ ਬੱਸ ਅੱਗੇ ਵਧਾ ਦਿੰਦਾ ਹੈ। ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੱਸ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਡਰਾਈਵਰ ਮਹਿਲਾ ਸਵਾਰੀਆਂ ਲਈ ਬੱਸ ਨਹੀਂ ਰੋਕਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕੇਜਰੀਵਾਲ ਨੇ ਕਿਹਾ,''ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਕੁਝ ਡਰਾਈਵਰ ਔਰਤਾਂ ਨੂੰ ਦੇਖ ਕੇ ਬੱਸ ਨਹੀਂ ਰੋਕਦੇ, ਕਿਉਂਕਿ ਔਰਤਾਂ ਦਾ ਸਫ਼ਰ ਮੁਫ਼ਤ ਹੈ। ਇਸ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਬੱਸ ਡਰਾਈਵਰ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ।'' ਉਨ੍ਹਾਂ ਕਿਹਾ,''ਮੇਰੀ ਸਾਰੇ ਡਰਾਈਵਰ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਹੈ ਕਿ ਤੈਅ ਬੱਸ ਸਟੈਂਡ 'ਤੇ ਬੱਸ ਜ਼ਰੂਰ ਰੋਕਣ।'' ਮੁੱਖ ਮੰਤਰੀ ਦਾ ਟਵੀਟ ਰਟਵੀਟ ਕਰਦੇ ਹੋਏ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ,''ਮੈਂ ਮੰਤਰੀਆਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਕਿਤੇ ਵੀ ਇਸ ਤਰ੍ਹਾਂ ਦੀ ਬੇਨਿਯਮੀ ਦੇਖੋ ਤਾਂ ਤੁਰੰਤ ਉਸ ਦਾ ਵੀਡੀਓ ਬਣਾ ਕੇ ਸਾਂਝਾ ਕਰੋ। ਸਖ਼ਤ ਕਾਰਵਾਈ ਕੀਤੀ ਜਾਵੇਗੀ।'' ਉਨ੍ਹਾਂ ਕਿਹਾ,''ਡਰਾਈਵਰ ਅਤੇ ਹੋਰ ਸਟਾਫ਼ ਦੀ ਪਛਾਣ ਕਰ ਲਈ ਗਈ ਹੈ। ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਵੀ ਡਰਾਈਵਰ ਵਲੋਂ ਇਸ ਤਰ੍ਹਾਂ ਦਾ ਰਵੱਈਆ ਬਿਲਕੁੱਲ ਮਨਜ਼ੂਰ ਨਹੀਂ ਹੈ।'' ਦਿੱਲੀ ਟਰਾਂਸਪੋਰਟ ਨਿਗਮ (ਡੀ.ਟੀ.ਸੀ.) ਅਤੇ ਕਲਸਟਰ ਬੱਸਾਂ 'ਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਸਹੂਲਤ 29 ਅਕਤੂਬਰ 2019 ਤੋਂ ਸ਼ੁਰੂ ਹੋਈ ਹੈ।


author

DIsha

Content Editor

Related News