ਸਰਦੀਆਂ 'ਚ ਪ੍ਰਦੂਸ਼ਣ ਕੰਟਰੋਲ ਲਈ ਰਾਤ ਸਮੇਂ ਪਹਿਰਾ ਦੇ ਰਹੀ ਦਿੱਲੀ ਸਰਕਾਰ

Monday, Oct 07, 2019 - 01:44 PM (IST)

ਸਰਦੀਆਂ 'ਚ ਪ੍ਰਦੂਸ਼ਣ ਕੰਟਰੋਲ ਲਈ ਰਾਤ ਸਮੇਂ ਪਹਿਰਾ ਦੇ ਰਹੀ ਦਿੱਲੀ ਸਰਕਾਰ

ਨਵੀਂ ਦਿੱਲੀ — ਦਿੱਲੀ ਸਰਕਾਰ ਨੇ ਸਰਦੀਆਂ 'ਚ ਪ੍ਰਦੂਸ਼ਣ ਕੰਟਰੋਲ ਕਰਨ ਲਈ ਉਦਯੋਗਿਕ ਖੇਤਰਾਂ 'ਤੇ ਸਖਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਖੇਤਰਾਂ 'ਚ ਉਦਯੋਗਿਕ ਕੂੜਾ, ਪਲਾਸਟਿਕ ਅਤੇ ਰਬੜ ਆਦਿ ਸਾੜਣ ਅਤੇ ਇਸ ਨੂੰ ਖੁੱਲ੍ਹੇ 'ਚ ਸੁੱਟਣ 'ਤੇ ਨਜ਼ਰ ਰੱਖੀ ਜਾ ਰਹੀ ਹੈ। ਨਿਯਮਾਂ ਦਾ ਉਲੰਘਣ ਕਰਨ ਵਾਲੀ ਇਕਾਈ ਕੋਲੋਂ ਭਾਰੀ ਜੁਰਮਾਨਾ ਵਸੂਲਿਆ ਜਾਵੇਗਾ।

ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਕੋਸ਼ਿਸ਼ਾਂ ਕਾਰਨ ਬੀਤੇ ਸਾਲਾਂ ਦੌਰਾਨ ਦਿੱਲੀ ਦੇ ਪ੍ਰਦੂਸ਼ਣ 'ਚ ਭਾਰੀ ਕਮੀ ਆਈ ਹੈ। ਪਰ ਸਰਦੀਆਂ ਦੌਰਾਨ ਪਰਾਲੀ ਅਤੇ ਹੋਰ ਕੂੜਾ ਸਾੜੇ ਜਾਣ ਦਾ ਖਦਸ਼ਾ ਵਧ ਜਾਂਦਾ ਹੈ। ਅਜਿਹੀ ਸਥਿਤੀ 'ਚ ਪ੍ਰਦੂਸ਼ਣ 'ਤੇ ਕੰਟਰੋਲ ਕਰਨ ਲਈ ਗਠਿਤ ਕੀਤੀ ਗਈ ਟੀਮ ਪਿਛਲੇ ਹਫਤੇ ਤੋਂ ਉਦਯੋਗਿਕ ਖੇਤਰਾਂ ਦੀ ਰਾਤ ਦੇ ਸਮੇਂ ਵੀ ਨਿਗਰਾਨੀ ਕਰ ਰਹੀ ਹੈ। ਜ਼ਿਆਦਾ ਪ੍ਰਦੂਸ਼ਿਤ ਮੰਨੇ ਜਾਣ ਵਾਲੇ ਅਨੰਤ ਪਰਬਤ, ਨਾਰਾਇਣਾ, ਓਖਲਾ, ਵਜੀਰਪੁਰ, ਮੁੰਡਕਾ, ਨਰੇਲਾ-ਬਵਾਨਾ ਵਰਗੇ ਉਦਯੋਗਿਕ ਖੇਤਰਾਂ 'ਤੇ ਖਾਸ ਤੌਰ 'ਤੇ ਨਜ਼ਰ ਰੱਖੀ ਜਾ ਰਹੀ ਹੈ। ਬੀਤੇ ਸਾਲਾਂ ਦੀ ਰਿਪੋਰਟ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ 'ਚ ਸਰਦੀ ਵਧਣ 'ਤੇ ਉਦਯੋਗਿਕ ਖੇਤਰਾਂ 'ਚ ਪਲਾਸਟਿਕ, ਰਬੜ, ਕੂੜਾ ਸਾੜੇ ਜਾਣ ਦੀਆਂ ਘਟਨਾਵਾਂ ਵਧ ਸਕਦੀਆਂ ਹਨ। ਦੇਸ਼ 'ਚ ਰਾਤ ਦੇ ਸਮੇਂ ਕਿਤੇ ਵੀ ਕੂੜਾ ਸੁੱਟਣ ਦਾ ਰਿਵਾਜ਼ ਹੈ ਇਸ ਲਈ ਇਨ੍ਹਾਂ ਖੇਤਰਾਂ 'ਚ ਰਾਤ ਦੇ ਸਮੇਂ ਵੀ ਨਜ਼ਰ ਰੱਖੀ ਜਾ ਰਹੀ ਹੈ।

ਦਿੱਲੀ 'ਚ ਬੀਤੇ ਕੁਝ ਮਹੀਨਿਆਂ ਤੋਂ ਪ੍ਰਦੂਸ਼ਣ ਫੈਲਾਉਣ 'ਚ ਦੋਸ਼ੀ ਸਾਬਤ ਹੋਈਆਂ ਇਕਾਈਆਂ 'ਤੇ ਲੱਖਾਂ ਤੋਂ ਲੈ ਕੇ ਪੰਜ ਕਰੋੜ ਰੁਪਏ ਤੱਕ ਦਾ ਜੁਰਮਾਨਾ ਲੱਗ ਚੁੱਕਾ ਹੈ। ਪਿਛਲੇ ਮਹੀਨੇ ਬਵਾਨਾ 'ਚ ਜੀਂਸ ਰੰਗਾਈ ਕਰਨ ਵਾਲੀ ਇਕ ਫੈਕਟਰੀ 'ਤੇ ਕਰੀਬ 4.4 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।


Related News