ਦਿੱਲੀ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ ''ਚ 23 ਫਲਾਈਓਵਰ ਬਣਾਏ : ਕੇਜਰੀਵਾਲ

Tuesday, Jul 16, 2019 - 03:15 PM (IST)

ਦਿੱਲੀ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ ''ਚ 23 ਫਲਾਈਓਵਰ ਬਣਾਏ : ਕੇਜਰੀਵਾਲ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ 2.85 ਕਿਲੋਮੀਟਰ ਲੰਬੇ ਫਲਾਈਓਵਰ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ 'ਚ ਕੁਝ ਹੋਰ ਅਜਿਹੇ ਪ੍ਰਾਜੈਕਟ ਸਾਹਮਣੇ ਆਉਣਗੇ। ਬਾਹਰੀ ਰਿੰਗ ਰੋਡ 'ਤੇ 205 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਰਾਵ ਤੁਲਾ ਰਾਮ ਫਲਾਈਓਵਰ ਤੋਂ ਇਸ ਇਲਾਕੇ 'ਚ ਜਾਮ ਖਤਮ ਕਰਨ 'ਚ ਮਦਦ ਮਿਲੇਗੀ ਅਤੇ ਇਹ ਦੱਖਣੀ ਦਿੱਲੀ ਅਤੇ ਨੋਇਡਾ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਜਾਣ ਵਾਲੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਕੇਜਰੀਵਾਲ ਨੇ ਉਦਘਾਟਨ ਤੋਂ ਬਾਅਦ ਆਪਣੇ ਸੰਬੋਧਨ 'ਚ ਕਿਹਾ,''15 ਸਾਲਾਂ 'ਚ ਸ਼ੀਲਾ ਦੀਕਸ਼ਤ ਸਰਕਾਰ ਨੇ 70 ਫਲਾਈਓਵਰ ਬਣਾਏ। ਪਿਛਲੇ ਸਾਢੇ 4 ਸਾਲਾਂ 'ਚ ਸਾਡੀ (ਆਮ ਆਦਮੀ ਪਾਰਟੀ) ਸਰਕਾਰ ਨੇ 23 ਫਲਾਈਓਵਰ ਬਣਾਏ।''

ਅਸੀਂ ਆਪਣਾ ਕੰਮ ਕਰਦੇ ਹਾਂ, ਇਸ਼ਤਿਹਾਰ ਨਹੀਂ ਦਿੰਦੇ
ਉਨ੍ਹਾਂ ਨੇ ਕਿਹਾ,''ਅਸੀਂ ਆਪਣਾ ਕੰਮ ਕਰਦੇ ਹਾਂ, ਅਸੀਂ ਜ਼ਿਆਦਾ ਇਸ਼ਤਿਹਾਰ ਨਹੀਂ ਦਿੰਦੇ। ਹੁਣ ਇਹ ਲੋਕਾਂ ਦਾ ਕੰਮ ਹੈ ਕਿ ਅਸੀਂ ਪਿਛਲੇ ਸਾਢੇ 4 ਸਾਲਾਂ 'ਚ ਜੋ ਕੰਮ ਕੀਤਾ, ਉਸ ਦੀ ਚਰਚਾ ਕਰਨ।'' ਆਪਣੇ ਵਿਰੋਧੀਆਂ 'ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਿਗਨੇਚਰ ਬਰਿੱਜ ਦੇ ਉਦਘਾਟਨ ਤੋਂ ਬਾਅਦ ਵਿਰੋਧੀ ਦਲ ਦੇ ਇਕ ਮੈਂਬਰ ਨੇ ਉਸ ਪ੍ਰਾਜੈਕਟ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ,''ਅਸੀਂ ਕੰਮ ਕਰਨ 'ਚ ਵਿਸ਼ਵਾਸ ਕਰਦੇ ਹਾਂ, ਨਾ ਕਿ ਗੰਦੀ ਰਾਜਨੀਤੀ 'ਚ। ਦਿੱਲੀ ਸਰਕਾਰ ਨੇ ਸਿੱਖਿਆ, ਸਿਹਤ ਅਤੇ ਹੋਰ ਖੇਤਰਾਂ 'ਚ ਬਹੁਤ ਸਾਰੇ ਕੰਮ ਕੀਤੇ ਹਨ ਅਤੇ ਸਾਡਾ ਕੰਮ ਬੋਲੇਗਾ।'' ਕੇਜਰੀਵਾਲ ਨੇ ਕਿਹਾ ਕਿ 'ਆਪ' ਸਰਕਾਰ ਨੇ ਨਾ ਸਿਰਫ਼ ਵੱਡੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ 'ਤੇ ਕੰਮ ਕੀਤਾ ਸਗੋਂ ਆਮ ਲੋਕਾਂ ਤੱਕ ਪਹੁੰਚਣ ਲਈ ਸੜਕਾਂ ਬਣਵਾਈਆਂ, ਸੀਵਰੇਜ਼ ਲਾਈਨਾਂ ਵਿਛਾਈਆਂ ਅਤੇ ਅਣਅਧਿਕ੍ਰਿਤ ਕਾਲੋਨੀਆਂ 'ਚ ਹੋਰ ਸਹੂਲਤਾਂ ਦਿੱਤੀਆਂ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ ਕੀ ਕੁਝ ਹੋਰ ਪ੍ਰਾਜੈਕਟ ਸਾਹਮਣੇ ਆਉਣਗੇ ਤਾਂ ਉਨ੍ਹਾਂ ਨੇ ਕਿਹਾ,''ਹਾਂ ਕੁਝ ਹੋਰ ਪ੍ਰਾਜੈਕਟ ਜਲਦ ਹੀ ਸਾਹਮਣੇ ਆਉਣਗੇ।''


author

DIsha

Content Editor

Related News